India latest news

Dope test: WFI ਵੱਲੋਂ ਵਿਨੇਸ਼ ਫੋਗਾਟ ਨੂੰ ਕਾਰਨ ਦੱਸੋ ਨੋਟਿਸ ਜਾਰੀ, 26 ਜੂਨ ਤੱਕ ਖੇਡਣ ‘ਤੇ ਲਾਈ ਰੋਕ

Dope test: WFI ਵੱਲੋਂ ਵਿਨੇਸ਼ ਫੋਗਾਟ ਨੂੰ ਕਾਰਨ ਦੱਸੋ ਨੋਟਿਸ ਜਾਰੀ, 26 ਜੂਨ ਤੱਕ ਖੇਡਣ ‘ਤੇ ਲਾਈ ਰੋਕ
  • PublishedMay 9, 2026

ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਨੇ ਸ਼ਨਿੱਚਰਵਾਰ ਨੂੰ ਵਿਨੇਸ਼ ਫੋਗਾਟ ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ‘ਤੇ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ।

ਉਨ੍ਹਾਂ ਨੂੰ 26 ਜੂਨ ਤੱਕ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ, ਕਿਉਂਕਿ ਉਹ ‘ਯੂਨਾਈਟਿਡ ਵਰਲਡ ਰੈਸਲਿੰਗ’ (UWW) ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਸੇਵਾਮੁਕਤੀ ਤੋਂ ਵਾਪਸ ਆਉਣ ਵਾਲੇ ਐਥਲੀਟਾਂ ਲਈ ਲੋੜੀਂਦੀ ਲਾਜ਼ਮੀ ਛੇ ਮਹੀਨਿਆਂ ਦੀ ਨੋਟਿਸ ਮਿਆਦ ਪੂਰੀ ਕਰਨ ਵਿੱਚ ਅਸਫਲ ਰਹੀ ਹੈ।

ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਇੱਕ 15 ਪੰਨਿਆਂ ਦੇ ਨੋਟਿਸ ਵਿੱਚ ਦੋਸ਼ ਲਗਾਇਆ ਹੈ ਕਿ ਵਿਨੇਸ਼ ਦੇ ਵਿਵਹਾਰ ਕਾਰਨ ਦੇਸ਼ ਨੂੰ ਸ਼ਰਮਿੰਦਗੀ ਝੱਲਣੀ ਪਈ ਹੈ ਅਤੇ ਭਾਰਤੀ ਕੁਸ਼ਤੀ ਦੇ ਅਕਸ ਨੂੰ ਸੱਟ ਵੱਜੀ ਹੈ। ਫੈਡਰੇਸ਼ਨ ਅਨੁਸਾਰ ਉਨ੍ਹਾਂ ਨੇ ਫੈਡਰੇਸ਼ਨ ਦੇ ਸੰਵਿਧਾਨ, ਕੌਮਾਂਤਰੀ ਕੁਸ਼ਤੀ ਨਿਯਮਾਂ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।

ਫੈਡਰੇਸ਼ਨ ਨੇ ਚਾਰ ਮੁੱਖ ਦੋਸ਼ਾਂ ‘ਤੇ ਵਿਨੇਸ਼ ਤੋਂ ਜਵਾਬ ਮੰਗਿਆ ਹੈ। ਇਨ੍ਹਾਂ ਵਿੱਚ 2024 ਪੈਰਿਸ ਓਲੰਪਿਕ ਦੌਰਾਨ ਭਾਰ ਪੂਰਾ ਨਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਜਾਣਾ, ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਆਪਣੇ ਕਥਿਤ ਟਿਕਾਣੇ ਦੀ ਜਾਣਕਾਰੀ ਦੇਣ ਵਿੱਚ ਅਸਫਲ ਰਹਿਣਾ ਅਤੇ ਮਾਰਚ 2024 ਦੇ ਚੋਣ ਟਰਾਇਲਾਂ (ਜੋ ਉਸ ਸਮੇਂ ਦੇ ਐਡ-ਹਾਕ ਪੈਨਲ ਵੱਲੋਂ ਕਰਵਾਏ ਗਏ ਸਨ) ਦੌਰਾਨ ਦੋ ਵੱਖ-ਵੱਖ ਭਾਰ ਵਰਗਾਂ ਵਿੱਚ ਮੁਕਾਬਲਾ ਕਰਨਾ ਸ਼ਾਮਲ ਹੈ।

ਫੈਡਰੇਸ਼ਨ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ ਕਿ ਉਹ ਇਸ ਸਾਲ 26 ਜੂਨ ਤੱਕ ਕਿਸੇ ਵੀ ਘਰੇਲੂ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੈ, ਜਿਸ ਵਿੱਚ 10 ਤੋਂ 12 ਮਈ ਤੱਕ ਗੋਂਡਾ ਵਿੱਚ ਹੋਣ ਵਾਲਾ ਕੌਮੀ ਓਪਨ ਰੈਂਕਿੰਗ ਟੂਰਨਾਮੈਂਟ ਵੀ ਸ਼ਾਮਲ ਹੈ, ਜੋ ਕਿ ਉਸ ਦਾ ਵਾਪਸੀ ਮੁਕਾਬਲਾ ਹੋਣਾ ਸੀ।

ਨੋਟਿਸ ਵਿੱਚ ਲਿਖਿਆ ਗਿਆ ਹੈ, “ਫੈਡਰੇਸ਼ਨ ਲਈ ਇਹ ਤਸੱਲੀ ਕਰਨਾ ਜ਼ਰੂਰੀ ਹੈ ਕਿ ਤੁਸੀਂ ਡੋਪਿੰਗ ਵਿਰੋਧੀ ਨਿਯਮ ਦੀ ਉਲੰਘਣਾ ਨਹੀਂ ਕੀਤੀ। ਜੇਕਰ ਅਜਿਹੀ ਕੋਈ ਉਲੰਘਣਾ ਪਾਈ ਜਾਂਦੀ ਹੈ, ਤਾਂ ਤੁਸੀਂ ਆਉਣ ਵਾਲੇ ਕਿਸੇ ਵੀ ਮੁਕਾਬਲੇ ਵਿੱਚ ਫੈਡਰੇਸ਼ਨ ਵੱਲੋਂ ਖੇਡਣ ਦੇ ਯੋਗ ਨਹੀਂ ਰਹੋਗੇ।”