Drug overdose death: ਮਾਨਸਾ ਵਿੱਚ ਗੋਲਡ ਮੈਡਲ ਜੇਤੂ ਮੁੱਕੇਬਾਜ਼ ਦੀ ਮੌਤ; ਨਸ਼ੇ ਦੀ ਓਵਰਡੋਜ਼ ਹੋਣ ਦਾ ਸ਼ੱਕ
ਮਾਨਸਾ ਸ਼ਹਿਰ ਦੇ ਮਿਉਂਸਪਲ ਵਾਰਡ ਨੰਬਰ 3 ਦੇ ਰਹਿਣ ਵਾਲੇ 20 ਸਾਲਾ ਗੋਲਡ ਮੈਡਲ ਜੇਤੂ ਮੁੱਕੇਬਾਜ਼ ਨਵਦੀਪ ਸਿੰਘ ਦੀ ਸ਼ੁੱਕਰਵਾਰ ਨੂੰ ਕਥਿਤ ਤੌਰ ਉੱਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਸ ਨੇ 2024 ਵਿੱਚ ਸੂਬਾ ਸਰਕਾਰ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ਪਿਛਲੇ ਸਾਲ ਪੰਜਾਬ ਸਟੇਟ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਸੋਨ ਤਗਮੇ ਜਿੱਤੇ ਸਨ।
ਮ੍ਰਿਤਕ ਦੇ ਪਿਤਾ ਜਸਪਾਲ ਸਿੰਘ, ਜੋ ਕਿ ਇੱਕ ਦਿਹਾੜੀਦਾਰ ਮਜ਼ਦੂਰ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਪੁਲੀਸ ਨੇ ਬੀ ਐੱਨ ਐੱਸ ਦੀ ਧਾਰਾ 105 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ ਦੋ ਭੈਣਾਂ ਸਨ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਵਦੀਪ ਲੁਧਿਆਣਾ ਦੇ ਰਾੜਾ ਸਾਹਿਬ ਵਿਖੇ ਇੱਕ ਏਅਰ-ਕੰਡੀਸ਼ਨਰ ਮਕੈਨਿਕ ਕੋਲ ਕੰਮ ਕਰ ਰਿਹਾ ਸੀ ਅਤੇ ਅਜੇ ਤਿੰਨ ਦਿਨ ਪਹਿਲਾਂ ਹੀ ਉਥੋਂ ਵਾਪਸ ਆਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ, “ਉਹ ਕੱਲ੍ਹ ਬਾਜ਼ਾਰ ਗਿਆ ਸੀ, ਪਰ ਉਸ ਦੀ ਲਾਸ਼ ਸ਼ਹਿਰ ਦੇ ਆਰੀਆ ਸਕੂਲ ਨੇੜਿਓਂ ਮਿਲੀ।”