Hantavirus Cruise Ship: ਸਪੇਨ ਦੇ ਟੈਨਰਿਫ ਟਾਪੂ ’ਤੇ 10 ਮਈ ਨੂੰ ਪੁੱਜੇਗਾ ਹੰਟਾਵਾਇਰਸ ਪ੍ਰਭਾਵਿਤ ਕਰੂਜ਼
ਸਪੇਨ ਦੇ ਟੈਨਰਿਫ (Tenerife) ਟਾਪੂ ‘ਤੇ ਹੰਟਾਵਾਇਰਸ ਨਾਲ ਪ੍ਰਭਾਵਿਤ ਇੱਕ ਕਰੂਜ਼ ਜਹਾਜ਼ ਦੇ ਪਹੁੰਚਣ ਦੀ ਖ਼ਬਰ ਤੋਂ ਬਾਅਦ ਉੱਥੋਂ ਦੇ ਵਸਨੀਕਾਂ ਵਿੱਚ ਚਿੰਤਾ ਤੇ ਸਹਿਮ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੈਡਰੋਸ ਅਡਾਨੋਮ ਨੇ ਸ਼ਨਿਚਰਵਾਰ ਨੂੰ ਇਸ ਟਾਪੂ ਦੇ ਲੋਕਾਂ ਨੂੰ ਸੰਦੇਸ਼ ਭੇਜ ਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਸ ਜਹਾਜ਼ ਤੋਂ ਕੋਈ ਖਤਰਾ ਨਹੀਂ ਹੈ।
‘ਐਮਵੀ ਹੋਂਡੀਅਸ’ (MV Hondius) ਨਾਮ ਦਾ ਇਹ ਜਹਾਜ਼ ਜਿਸ ਵਿੱਚ 140 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਹਨ, ਐਤਵਾਰ ਤੜਕੇ ਟੈਨਰਿਫ ਦੇ ਤਟ ‘ਤੇ ਪਹੁੰਚਣ ਦੀ ਉਮੀਦ ਹੈ। WHO ਮੁਖੀ ਅਤੇ ਸਪੇਨ ਦੇ ਸਿਹਤ ਮੰਤਰੀ ਮੋਨਿਕਾ ਗਾਰਸੀਆ ਖੁਦ ਇਸ ਜਹਾਜ਼ ਤੋਂ ਯਾਤਰੀਆਂ ਨੂੰ ਉਤਾਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਉੱਥੇ ਪਹੁੰਚ ਰਹੇ ਹਨ।
ਸਪੇਨ ਦੀ ਸਿਹਤ ਮੰਤਰੀ ਮੋਨਿਕਾ ਗਾਰਸੀਆ ਨੇ ਦੱਸਿਆ ਕਿ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨ ਲਈ ਬਹੁਤ ਹੀ ਸਖ਼ਤ ਨਿਯਮ ਬਣਾਏ ਗਏ ਹਨ। ਜਹਾਜ਼ ਤੋਂ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਉਤਾਰਿਆ ਜਾਵੇਗਾ ਜਿਨ੍ਹਾਂ ਨੂੰ ਲੈਣ ਲਈ ਫਲਾਈਟ ਪਹਿਲਾਂ ਹੀ ਹਵਾਈ ਅੱਡੇ ‘ਤੇ ਮੌਜੂਦ ਹੋਵੇਗੀ। ਯਾਤਰੀਆਂ ਨੂੰ ਆਪਣਾ ਵੱਡਾ ਸਾਮਾਨ ਜਹਾਜ਼ ‘ਤੇ ਹੀ ਛੱਡਣਾ ਪਵੇਗਾ; ਉਹ ਸਿਰਫ਼ ਜ਼ਰੂਰੀ ਚੀਜ਼ਾਂ ਜਿਵੇਂ ਮੋਬਾਈਲ, ਚਾਰਜਰ ਅਤੇ ਦਸਤਾਵੇਜ਼ ਹੀ ਨਾਲ ਲੈ ਕੇ ਜਾ ਸਕਣਗੇ। ਸਪੇਨ ਦੇ ਸਾਰੇ 13 ਯਾਤਰੀਆਂ ਨੂੰ ਸਿੱਧਾ ਹਸਪਤਾਲ ਲਿਜਾਇਆ ਜਾਵੇਗਾ ਅਤੇ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਜਹਾਜ਼ ‘ਤੇ ਸਵਾਰ ਕਿਸੇ ਵੀ ਵਿਅਕਤੀ ਵਿੱਚ ਫਿਲਹਾਲ ਬਿਮਾਰੀ ਦੇ ਲੱਛਣ ਨਹੀਂ ਹਨ, ਪਰ ਸਾਵਧਾਨੀ ਵਜੋਂ ਮ੍ਰਿਤਕ ਯਾਤਰੀ ਦੀ ਦੇਹ ਅਤੇ ਚਾਲਕ ਦਲ ਦੇ ਕੁੱਝ ਮੈਂਬਰਾਂ ਨੂੰ ਜਹਾਜ਼ ‘ਤੇ ਹੀ ਰੱਖਿਆ ਜਾਵੇਗਾ ਅਤੇ ਜਹਾਜ਼ ਨੂੰ ਸਿੱਧਾ ਨੈਦਰਜ਼ਲੈਂਡ ਭੇਜਿਆ ਜਾਵੇਗਾ।