US plane crash: ਅਮਰੀਕਾ ਵਿੱਚ ਹਵਾਈ ਹਾਦਸਾ; 12 ਹਲਾਕ
US plane crash: ਅਮਰੀਕਾ ਦੇ ਮਿਸੂਰੀ ਰਾਜ ਦੇ ਬਟਲਰ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਟੇਟ ਹਾਈਵੇਅ ਪੈਟਰੋਲ (ਸਥਾਨਕ ਪੁਲੀਸ) ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਹਵਾਈ ਹਾਦਸੇ ਵਿੱਚ ਬਾਰਾਂ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਸਥਾਨਕ ਪ੍ਰਸ਼ਾਸਨ ਅਤੇ ਰਾਹਤ ਕਰਮਚਾਰੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ ‘ਤੇ ਪਹੁੰਚ ਗਏ ਹਨ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਪਤਾ ਲੱਗਿਆ ਹੈ ਕਿ ਸਕਾਈਡਾਈਵਿੰਗ (ਹਵਾ ਵਿੱਚੋਂ ਛਾਲ ਮਾਰਨ ਦੀ ਖੇਡ) ਦਾ ਆਨੰਦ ਲੈਣ ਜਾ ਰਹੇ ਮੁਸਾਫ਼ਰਾਂ ਨਾਲ ਭਰਿਆ ਇੱਕ ਛੋਟਾ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਸਵਾਰ ਸਾਰੇ 12 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਕੰਸਾਸ ਸਿਟੀ ਤੋਂ ਲਗਪਗ 65 ਮੀਲ ਦੂਰ ਦੱਖਣ ਵਿੱਚ ਸਥਿਤ ਬਟਲਰ ਮੈਮੋਰੀਅਲ ਏਅਰਪੋਰਟ ਨੇੜੇ ਵਾਪਰੀ। ਮਿਸੂਰੀ ਸਟੇਟ ਹਾਈਵੇਅ ਪੈਟਰੋਲ ਦੇ ਸਾਰਜੈਂਟ ਜਸਟਿਨ ਈਵਿੰਗ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 11:30 ਵਜੇ ਐਮਰਜੈਂਸੀ ਵਿਭਾਗ ਨੂੰ ਜਹਾਜ਼ ਦੇ ਡਿੱਗਣ ਅਤੇ ਉਸ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।