Bikram Majithia interim bail: ਮਜੀਠਾ ਥਾਣਾ ਮਾਮਲਾ ‘ਚ Bikram Singh Majithia ਤੇ ਦੋ ਹੋਰਾਂ ਨੂੰ ਜ਼ਮਾਨਤ; ਸੀਸੀਟੀਵੀ ਫੁਟੇਜ ਪੇਸ਼ ਨਾ ਕਰ ਸਕੀ ਪੁਲੀਸ
ਅੰਮ੍ਰਿਤਸਰ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ‘ਤੇ ਥਾਣੇ ਦੇ ਅੰਦਰ ਦਸਤਾਵੇਜ਼ ਪਾੜਨ ਅਤੇ ਆਪਣੇ ਸਮਰਥਕ ਨੂੰ ਛੁਡਾਉਣ ਦਾ ਦੋਸ਼ ਸੀ। ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਸੀ।
ਇਸ ਮਾਮਲੇ ਦੀ ਸੁਣਵਾਈ 10 ਜੂਨ ਨੂੰ ਹੋਈ ਸੀ। ਉਸ ਸੁਣਵਾਈ ਦੌਰਾਨ, ਮਜੀਠਾ ਥਾਣੇ ਤੋਂ ਕਥਿਤ ਸੀਸੀਟੀਵੀ ਫੁਟੇਜ ਪੇਸ਼ ਨਾ ਕਰਨ ‘ਤੇ ਅਦਾਲਤ ਨੇ ਪੁਲਿਸ ਨੂੰ ਸਵਾਲ ਕੀਤੇ ਸੀ। ਦੋਸ਼ਾਂ ਅਨੁਸਾਰ, ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ 50 ਤੋਂ ਵੱਧ ਸਮਰਥਕਾਂ ਨੇ ਥਾਣੇ ਦੇ ਅੰਦਰ ਦਸਤਾਵੇਜ਼ ਪਾੜ ਦਿੱਤੇ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਸੀ।
ਬਚਾਅ ਪੱਖ ਦੇ ਵਕੀਲ ਅਜੈ ਕੁਮਾਰ ਵਰਮਾਨੀ ਨੇ ਦਲੀਲ ਦਿੱਤੀ ਸੀ ਕਿ ਇਹ ਸਾਰਾ ਮਾਮਲਾ ਇੱਕ ਰਾਜਨੀਤਿਕ ਵਿਵਾਦ ਤੋਂ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਅਤੇ ਉਨ੍ਹਾਂ ਦੇ ਸਾਥੀ ਸਿਰਫ਼ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਬਾਰੇ ਪੁੱਛਗਿੱਛ ਕਰਨ ਲਈ ਪੁਲਿਸ ਸਟੇਸ਼ਨ ਗਏ ਸਨ ਅਤੇ ਸਿਰਫ਼ ਸਬੰਧਤ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ।
ਪੁਲੀਸ ਅਨੁਸਾਰ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਫਿਰ ਅਹਾਤੇ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਜੋਬਨਪ੍ਰੀਤ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੋਸ਼ ਲਾਇਆ ਕਿ ਮਜੀਠੀਆ ਨੇ ਇੱਕ ਸਬ-ਇੰਸਪੈਕਟਰ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਹੰਗਾਮੇ ਦੌਰਾਨ ਸਰਕਾਰੀ ਦਸਤਾਵੇਜ਼ ਪਾੜ ਦਿੱਤੇ। ਇਸ ਤੋਂ ਬਾਅਦ ਮਜੀਠੀਆ ਅਤੇ ਹੋਰਾਂ ਵਿਰੁੱਧ ਸਰਕਾਰੀ ਕਰਮਚਾਰੀਆਂ ਨੂੰ ਰੋਕਣ ਅਤੇ ਪੁਲੀਸ ਥਾਣੇ ਅੰਦਰ ਹੰਗਾਮਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਅਮਨਬੀਰ ਸਿੰਘ ਸਿਆਲੀ ਨੇ ਕਿਹਾ ਕਿ ਪੁਲੀਸ ਅਦਾਲਤ ਵੱਲੋਂ ਮੰਗੀ ਗਈ ਪੁਲੀਸ ਥਾਣੇ ਅੰਦਰ ਹਮਲਾ ਕਰਨ ਅਤੇ ਪੁਲੀਸ ਥਾਣੇ ਵਿੱਚ ਹੰਗਾਮਾ ਕਰਨ ਸਬੰਧੀ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਪੇਸ਼ ਨਹੀਂ ਕਰ ਸਕੀ। ਇਸ ਲਈ ਅਦਾਲਤ ਨੇ ਜ਼ਮਾਨਤ ਦੇ ਦਿੱਤੀ।