Entertainment India latest news

‘ਸਤਲੁਜ’ ਫ਼ਿਲਮ ਜ਼ੀ5 ਤੋਂ ਹਟੀ, ਸਿਆਸਤ ਗਰਮਾਈ, ਅਦਾਕਾਰ ਦਿਲਜੀਤ ਦੋਸਾਂਝ ਨੇ ਲਿਖਿਆ, ”ਮੈਂ ਹਨ੍ਹੇਰੇ ਨੂੰ ਚੈਲੇਂਜ ਕਰਦਾ ਹਾਂ”

‘ਸਤਲੁਜ’ ਫ਼ਿਲਮ ਜ਼ੀ5 ਤੋਂ ਹਟੀ, ਸਿਆਸਤ ਗਰਮਾਈ, ਅਦਾਕਾਰ ਦਿਲਜੀਤ ਦੋਸਾਂਝ ਨੇ ਲਿਖਿਆ, ”ਮੈਂ ਹਨ੍ਹੇਰੇ ਨੂੰ ਚੈਲੇਂਜ ਕਰਦਾ ਹਾਂ”
  • PublishedJuly 6, 2026

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਉੱਤੇ ਅਧਾਰਤ ਫਿਲਮ ‘ਸਤਲੁਜ’ ਓਟੀਟੀ ਉੱਤੇ ਰਿਲੀਜ਼ ਹੋਣ ਦੇ ਦੋ ਦਿਨ ਬਾਅਦ ਹੀ ਐਤਵਾਰ ਸ਼ਾਮ ਨੂੰ ਹਟਾ ਲਈ ਗਈ।

3 ਜੁਲਾਈ ਨੂੰ ਇਹ ਫਿਲਮ ਓਟੀਟੀ ਪਲੇਟਫ਼ਾਰਮ ਜ਼ੀ5 ਉੱਤੇ ‘ਸਤਲੁਜ’ ਨਾਮ ਨਾਲ ਰਿਲੀਜ਼ ਕੀਤੀ ਗਈ ਸੀ ਪਰ ਜ਼ੀ5 ਮੁਤਾਬਕ ਅਗਲੇ ਨੋਟਿਸ ਤੱਕ ਭਾਰਤ ਵਿੱਚ ਹੁਣ ਇਸ ਫਿਲਮ ਨੂੰ ਹਟਾ ਲਿਆ ਗਿਆ ਹੈ।

ਫ਼ਿਲਮ ਨੂੰ ਪਲੇਟਫ਼ਾਰਮ ਤੋਂ ਹਟਾਏ ਜਾਣ ਨੂੰ ਲੈਕੇ ਦਿਲਜੀਤ ਦੋਸਾਂਝ ਨੇ ਫ਼ਿਲਮ ਦਾ ਹੀ ਇੱਕ ਸੀਨ ਅਤੇ ਡਾਇਲੌਗ ਸ਼ੇਅਰ ਕਰਦਿਆਂ ਲਿਖਿਆ – ”ਮੈਂ ਹਨ੍ਹੇਰੇ ਨੂੰ ਚੈਲੇਂਜ ਕਰਦਾ ਹਾਂ।”

ਉਨ੍ਹਾਂ ਲਿਖਿਆ, ”ਸ਼ਹੀਦ ਜਸਵੰਤ ਸਿੰਘ ਖਾਲੜਾ ਜੀ, ਪੰਜਾਬ95 ਸਤਲੁਜ ਨਾਲ ਵੀ ਉਹੀ ਹੋਇਆ ਜੋ ਖਾਲੜਾ ਸਾਬ੍ਹ ਨਾਲ ਹੋਇਆ ਸੀ।”

ਫਿਲਮ ਦੇ ਨਿਰਦੇਸ਼ ਹਨੀ ਤ੍ਰੇਹਨ ਨੇ ਲਿਖਿਆ, ”ਤੇਰਾ ਭਾਣਾ ਮਿੱਠਾ ਲਾਗੈ।”

ਫਿਲਮ ਸਟ੍ਰੀਮਿੰਗ ਪਲੇਟਫ਼ਾਰਮ ਜ਼ੀ5 ਵੱਲੋਂ ਪੰਜ ਜੁਲਾਈ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਬਿਆਨ ਜਾਰੀ ਕੀਤਾ ਗਿਆ ਸੀ।

ਇਸ ਬਿਆਨ ਵਿੱਚ ਕਿਹਾ ਗਿਆ, “ਸਤਲੁਜ ਨੂੰ ਰਿਲੀਜ਼ ਹੋਣ ਤੋਂ ਬਾਅਦ ਮਿਲੇ ਬੇਹੱਦ ਪਿਆਰ ਅਤੇ ਸਮਰਥਨ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਸੀਂ ਹਰ ਉਸ ਦਰਸ਼ਕ ਦੇ ਦਿਲੋਂ ਧੰਨਵਾਦੀ ਹਾਂ, ਜਿਸ ਨੇ ਜ਼ੀ5 ਨੂੰ ਸਬਸਕ੍ਰਾਈਬ ਕੀਤਾ, ਫ਼ਿਲਮ ਨੂੰ ਦੇਖਿਆ ਅਤੇ ਇਸ ਦਾ ਸਮਰਥਨ ਕੀਤਾ। ਤੁਹਾਡੇ ਪਿਆਰ ਅਤੇ ਹੌਸਲਾ-ਅਫ਼ਜ਼ਾਈ ਨੇ ਸਾਡੇ ਲਈ ਅਤੇ ਇਸ ਕਹਾਣੀ ਨੂੰ ਪਰਦੇ ‘ਤੇ ਲਿਆਉਣ ਵਾਲੇ ਹਰ ਵਿਅਕਤੀ ਲਈ ਬਹੁਤ ਮਹੱਤਵ ਰੱਖਿਆ ਹੈ।”

”ਜ਼ੀ5 ਵਿੱਚ ਅਸੀਂ ਸਤਲੁਜ ਅਤੇ ਇਸ ਦੇ ਪਿੱਛੇ ਦੀ ਰਚਨਾਤਮਕ ਸੋਚ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਵਿਸ਼ਵਾਸ ਹੈ ਕਿ ਪ੍ਰਭਾਵਸ਼ਾਲੀ ਕਹਾਣੀ-ਕਥਨ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ, ਲੰਬੇ ਸਮੇਂ ਤੱਕ ਪ੍ਰਭਾਵ ਛੱਡਣ ਅਤੇ ਸਮਾਜ ‘ਤੇ ਅਸਰ ਪਾਉਣ ਦੀ ਤਾਕਤ ਹੁੰਦੀ ਹੈ। ਅਸੀਂ ਅਜਿਹੀਆਂ ਪ੍ਰਮਾਣਿਕ ਅਤੇ ਅਰਥਪੂਰਨ ਕਹਾਣੀਆਂ ਨੂੰ ਅੱਗੇ ਲਿਆਉਣ ਲਈ ਵਚਨਬੱਧ ਹਾਂ।”