India latest news

Ahmedabad blasts: ਹਾਈ ਕੋਰਟ ਵੱਲੋਂ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਅਤੇ 11 ਨੂੰ ਉਮਰ ਕੈਦ ਬਰਕਰਾਰ

Ahmedabad blasts: ਹਾਈ ਕੋਰਟ ਵੱਲੋਂ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਅਤੇ 11 ਨੂੰ ਉਮਰ ਕੈਦ ਬਰਕਰਾਰ
  • PublishedJuly 7, 2026

Ahmedabad blasts: ਅਹਿਮਦਾਬਾਦ ਗੁਜਰਾਤ ਹਾਈ ਕੋਰਟ ਨੇ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿੱਚ ਇੰਡੀਅਨ ਮੁਜਾਹੀਦੀਨ ਦੇ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ 11 ਨੂੰ ਉਮਰ ਕੈਦ ਸੁਣਾਈ ਗਈ ਸੀ। ਇਸ ਘਟਨਾ ਵਿੱਚ 56 ਲੋਕਾਂ ਦੀ ਮੌਤ ਹੋ ਗਈ ਸੀ। ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ 30 ਮਾਰਚ 2027 ਤੱਕ ਦੇਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਏ ਵਾਈ ਕੋਗਜੇ ਅਤੇ ਜਸਟਿਸ ਸਮੀਰ ਦਵੇ ਦੀ ਬੈਂਚ ਨੇ ਦੋਸ਼ੀਆਂ ਦੀਆਂ ਅਪੀਲਾਂ ਖਾਰਜ ਕਰ ਦਿੱਤੀਆਂ।

ਸਾਲ 2008 ਦੇ ਲੜੀਵਾਰ ਬੰਬ ਧਮਾਕਿਆਂ ਦੇ ਪੀੜਤਾਂ ਦੇ ਪਰਿਵਾਰਾਂ ਨੇ ਮੰਗਲਵਾਰ ਨੂੰ ਗੁਜਰਾਤ ਹਾਈ ਕੋਰਟ ਦੇ ਉਸ ਫੈਸਲੇ ‘ਤੇ ਤਸੱਲੀ ਪ੍ਰਗਟਾਈ ਜਿਸ ਵਿੱਚ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ 11 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ, ਪਰ ਉਨ੍ਹਾਂ ਕਿਹਾ ਕਿ ਉਹ ਸਜ਼ਾ ਨੂੰ ਜਲਦੀ ਅਮਲ ਵਿੱਚ ਲਿਆ ਕੇ “ਪੂਰਨ ਨਿਆਂ” ਦੀ ਉਡੀਕ ਕਰ ਰਹੇ ਹਨ।

ਚਸ਼ਮਦੀਦਾਂ ਅਤੇ ਬਚੇ ਹੋਏ ਲੋਕਾਂ ਨੇ ਧਮਾਕਿਆਂ ਤੋਂ ਬਾਅਦ ਦੇ ਭਿਆਨਕ ਦ੍ਰਿਸ਼ਾਂ ਨੂੰ ਯਾਦ ਕੀਤਾ, ਜਿਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਉਸ ਨੇ 18 ਸਾਲ ਪਹਿਲਾਂ ਸਿਵਲ ਹਸਪਤਾਲ ਵਿੱਚ ਹੋਏ ਧਮਾਕੇ ਦੇ ਪ੍ਰਭਾਵ ਕਾਰਨ ਆਪਣੇ ਆਲੇ-ਦੁਆਲੇ ਲੋਕਾਂ ਨੂੰ “ਮੋਮਬੱਤੀਆਂ ਵਾਂਗ ਸੜਦੇ” ਅਤੇ ਲਾਸ਼ਾਂ ਨੂੰ ਰੁੱਖਾਂ ਨਾਲ ਲਟਕਦੇ ਦੇਖਿਆ ਸੀ।

ਜ਼ਿਕਰਯੋਗ ਹੈ ਕਿ 26 ਜੁਲਾਈ 2008 ਨੂੰ ਅਹਿਮਦਾਬਾਦ ਦੇ ਵੱਖ-ਵੱਖ ਇਲਾਕਿਆਂ ਵਿੱਚ 70 ਮਿੰਟਾਂ ਦੇ ਅੰਦਰ 21 ਬੰਬ ਧਮਾਕੇ ਹੋਏ, ਜਿਸ ਵਿੱਚ 56 ਲੋਕ ਮਾਰੇ ਗਏ ਅਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਸ਼ਹਿਰ ਦੇ ਹਸਪਤਾਲਾਂ ਵਿੱਚ ਵੀ ਧਮਾਕੇ ਹੋਏ। ਗੁਜਰਾਤ ਹਾਈ ਕੋਰਟ ਨੇ ਇੱਕ ਵਿਸ਼ੇਸ਼ ਅਦਾਲਤ ਦੇ 2022 ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਨੇ ਦਹਿਸ਼ਤਗਰਦ ਜਥੇਬੰਦੀ ਇੰਡੀਅਨ ਮੁਜਾਹੀਦੀਨ (ਆਈਐਮ) ਦੇ 38 ਮੈਂਬਰਾਂ ਨੂੰ ਮੌਤ ਦੀ ਸਜ਼ਾ ਅਤੇ 11 ਹੋਰਾਂ ਨੂੰ ਲੜੀਵਾਰ ਧਮਾਕਿਆਂ ਵਿੱਚ ਭੂਮਿਕਾ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਜਸਟਿਸ ਏ ਵਾਈ ਕੋਗਜੇ ਅਤੇ ਸਮੀਰ ਦਵੇ ਦੀ ਡਿਵੀਜ਼ਨ ਬੈਂਚ ਨੇ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਅਤੇ ਸਜ਼ਾਵਾਂ ਦੀ ਪੁਸ਼ਟੀ ਕੀਤੀ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਗੱਲ ਕਰਦਿਆਂ ਅਲਪੇਸ਼ਕੁਮਾਰ ਸ਼ਾਹ, ਜਿਸ ਨੇ ਅਹਿਮਦਾਬਾਦ ਦੇ ਮਣੀਨਗਰ ਖੇਤਰ ਵਿੱਚ ਇੱਕ ਧਮਾਕੇ ਵਿੱਚ ਆਪਣੇ ਭਰਾ ਚਿਰਾਗ ਸ਼ਾਹ ਨੂੰ ਗੁਆ ਦਿੱਤਾ ਸੀ, ਨੇ ਕਿਹਾ, “ਅਤਿਵਾਦੀਆਂ ਵਿੱਚ ਕੋਈ ਮਨੁੱਖਤਾ ਨਹੀਂ ਹੁੰਦੀ, ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਚੱਲਣ ਵਾਲੇ ਮੁਕੱਦਮਿਆਂ ਦਾ ਲਾਭ ਨਹੀਂ ਮਿਲਣਾ ਚਾਹੀਦਾ। ਅਸੀਂ ਅੱਜ ਦੇ ਗੁਜਰਾਤ ਹਾਈ ਕੋਰਟ ਦੇ ਫੈਸਲੇ ਤੋਂ ਉਨੀ ਹੀ ਰਾਹਤ ਮਹਿਸੂਸ ਕਰ ਰਹੇ ਹਾਂ ਜਿੰਨੀ ਅਸੀਂ 2022 ਵਿੱਚ ਕੀਤੀ ਸੀ ਜਦੋਂ ਵਿਸ਼ੇਸ਼ ਅਦਾਲਤ ਨੇ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।”

ਬਲਾਸਟ ਦੇ ਚਸ਼ਮਦੀਦਾਂ ਅਤੇ ਬਚੇ ਹੋਏ ਲੋਕਾਂ ਨੇ ਅਹਿਮਦਾਬਾਦ ਦੇ ਅਸਾਰਵਾ ਖੇਤਰ ਵਿੱਚ ਇੱਕ ਹਸਪਤਾਲ ਦੇ ਵਾਰਡ ਵਿੱਚ ਹੋਏ ਧਮਾਕਿਆਂ ਵਿੱਚੋਂ ਇੱਕ ਤੋਂ ਬਾਅਦ ਦੇ ਭਿਆਨਕ ਦ੍ਰਿਸ਼ਾਂ ਨੂੰ ਯਾਦ ਕੀਤਾ। ਵਿਸ਼ਵ ਹਿੰਦੂ ਪਰਿਸ਼ਦ (ਵੀਐਚਪੀ) ਦੇ ਵਰਕਰ ਲਕਸ਼ਮਣ ਚੂਡਾਸਮਾ ਨੇ ਕਿਹਾ ਕਿ ਉਹ ਧਮਾਕੇ ਵਿੱਚ ਜ਼ਖ਼ਮੀ ਹੋਏ ਕੁਝ ਲੋਕਾਂ ਨੂੰ ਅਸਾਰਵਾ ਸਿਵਲ ਹਸਪਤਾਲ ਲਿਜਾ ਰਿਹਾ ਸੀ ਜਦੋਂ ਉੱਥੇ ਇੱਕ ਧਮਾਕਾ ਹੋਇਆ।