latest news World

ਇਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖ਼ਮੇਨੇਈ ਦੀ ਅੰਤਿਮ ਯਾਤਰਾ ਵਿੱਚ ਉਮੜਿਆ ਲੋਕਾਂ ਦਾ ਠਾਠਾਂ ਮਾਰਦਾ ਇਕੱਠ

ਇਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖ਼ਮੇਨੇਈ ਦੀ ਅੰਤਿਮ ਯਾਤਰਾ ਵਿੱਚ ਉਮੜਿਆ ਲੋਕਾਂ ਦਾ ਠਾਠਾਂ ਮਾਰਦਾ ਇਕੱਠ
  • PublishedJuly 6, 2026

ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਸਰਵਉੱਚ ਨੇਤਾ ਆਇਤੁੱਲਾ ਅਲੀ ਖ਼ਮੇਨੇਈ ਦੀ ਅੰਤਿਮ ਯਾਤਰਾ ਵਿੱਚ ਸੋਮਵਾਰ ਨੂੰ ਕਾਲੇ ਕੱਪੜੇ ਪਹਿਨੇ ਸੋਗ ਮਨਾ ਰਹੇ ਲੋਕਾਂ ਦਾ ਠਾਠਾਂ ਮਾਰਦਾ ਇੱਕਠ ਉਮੜਿਆ। ਲੋਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਅਤੇ ‘ਟਰੰਪ ਮੁਰਦਾਬਾਦ’ ਦੇ ਨਾਅਰੇ ਲਗਾ ਰਹੇ ਸਨ।

ਇਰਾਨ ਦੇ ਰਾਸ਼ਟਰੀ ਝੰਡੇ ਵਿੱਚ ਲਿਪਟੇ ਖਾਮੇਨੇਈ (86) ਦੇ ਤਾਬੂਤ ਨੂੰ ਇੱਕ ਟਰੱਕ ਵਿੱਚ ਰੱਖਿਆ ਗਿਆ। ਇਸੇ ਟਰੱਕ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਤਾਬੂਤ ਵੀ ਰੱਖੇ ਗਏ, ਜੋ 28 ਫਰਵਰੀ ਨੂੰ ਯੁੱਧ ਦੀ ਸ਼ੁਰੂਆਤ ਵਿੱਚ ਇਜ਼ਰਾਈਲ ਅਤੇ ਅਮਰੀਕਾ ਦੇ ਹਵਾਈ ਹਮਲੇ ਵਿੱਚ ਮਾਰੇ ਗਏ ਸਨ।

ਇਰਾਨ ਦੀ ਧਾਰਮਿਕ ਸੱਤਾ ਨੇ ਇਸ ਭਾਰੀ ਜਨਸਮੂਹ ਨੂੰ ਆਪਣੀ ਤਾਕਤ ਦੇ ਪ੍ਰਦਰਸ਼ਨ ਵਜੋਂ ਉਤਸ਼ਾਹਿਤ ਕੀਤਾ। ਇਹ ਇਕੱਠ ਅਜਿਹੇ ਸਮੇਂ ਹੋਇਆ ਹੈ, ਜਦੋਂ ਇਰਾਨ ਉਸ ਯੁੱਧ ਨੂੰ ਸਥਾਈ ਤੌਰ ‘ਤੇ ਖ਼ਤਮ ਕਰਨ ਲਈ ਅਮਰੀਕਾ ਨਾਲ ਗੱਲਬਾਤ ਕਰ ਰਿਹਾ ਹੈ, ਜਿਸ ਵਿੱਚ ਖਾਮੇਨੇਈ ਦੀ ਮੌਤ ਹੋ ਗਈ ਸੀ।

ਇਰਾਨੀ ਸਰਕਾਰੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਤਸਵੀਰਾਂ ਵਿੱਚ ਤਹਿਰਾਨ ਦੇ ਆਜ਼ਾਦੀ ਚੌਕ ਤੋਂ ਉਸੇ ਨਾਮ ਵਾਲੀ ਸੜਕ ‘ਤੇ ਕਈ ਕਿਲੋਮੀਟਰ ਤੱਕ ਫੈਲੀ ਵਿਸ਼ਾਲ ਭੀੜ ਦਿਖਾਈ ਦਿੱਤੀ।

ਅਧਿਕਾਰੀਆਂ ਨੇ ਭੀੜ ਦੀ ਗਿਣਤੀ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ। ਹਾਲਾਂਕਿ, ਟਰੱਕ ਦੇ ਆਲੇ-ਦੁਆਲੇ ਅਤੇ ਅੰਤਿਮ ਯਾਤਰਾ ਮਾਰਗ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਲੋਕ ਤਖ਼ਤੀਆਂ, ਪੋਸਟਰ ਅਤੇ ਬੈਨਰ ਫੜ ਕੇ ਖੜ੍ਹੇ ਸਨ, ਜਿਨ੍ਹਾਂ ‘ਤੇ ਟਰੰਪ ਦੀ ਮੌਤ ਦੀ ਮੰਗ ਵਾਲੇ ਨਾਅਰੇ ਲਿਖੇ ਹੋਏ ਸਨ।

ਅਧਿਕਾਰੀਆਂ ਨੇ ਟਰੱਕ ਨੂੰ ਇਮਾਮ ਦੀ ਦਰਗਾਹ ਦੇ ਚਾਰੋਂ ਪਾਸੇ ਬਣੀ ਰਵਾਇਤੀ ਸਜਾਵਟੀ ਜਾਲੀ ਦਾ ਰੂਪ ਦਿੱਤਾ ਹੈ। ਅੰਤਿਮ ਯਾਤਰਾ ਦੀ ਨਿਗਰਾਨੀ ਕਰ ਰਹੇ ਰਿਵੋਲਿਊਸ਼ਨਰੀ ਗਾਰਡ ਦੇ ਜਨਰਲ ਹਸਨ ਹਸਨਜ਼ਾਦੇਹ ਨੇ ਦੱਸਿਆ ਕਿ ਇਨ੍ਹਾਂ ਤਾਬੂਤਾਂ ਨੂੰ 12 ਘੰਟਿਆਂ ਦੀ ਯਾਤਰਾ ਦੌਰਾਨ ਤਹਿਰਾਨ ਦੀਆਂ ਸੜਕਾਂ ਤੋਂ ਲੰਘਾਉਂਦੇ ਹੋਏ ਮੇਹਰਾਬਾਦ ਕੌਮਾਂਤਰੀ ਹਵਾਈ ਅੱਡੇ ਤੱਕ ਲੈ ਜਾਇਆ ਜਾਵੇਗਾ।