Sonam Wangchuk hunger strike: ਭੁੱਖ ਹੜਤਾਲ ’ਤੇ ਬੈਠੇ ਵਾਂਗਚੁਕ ਦਾ ਵਜ਼ਨ ਛੇ ਕਿਲੋ ਘਟਿਆ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਅਤੇ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਤੇ ਸਰਕਾਰ ਦੀ ਜਵਾਬਦੇਹੀ ਦੀ ਮੰਗ ਕਰਦਿਆਂ ਇੱਥੇ ਜੰਤਰ ਮੰਤਰ ’ਤੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦਾ ਵਿਰੋਧ ਪ੍ਰਦਰਸ਼ਨ ਅੱਜ 16ਵੇਂ ਦਿਨ ਅੰਦਰ ਦਾਖ਼ਲ ਹੋ ਗਿਆ ਹੈ। ਦੂਜੇ ਪਾਸੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਅੱਠਵਾਂ ਦਿਨ ਹੈ, ਜਿਨ੍ਹਾਂ ਦਾ ਹੁਣ ਤੱਕ ਤਕਰੀਬਨ ਛੇ ਕਿਲੋ ਵਜ਼ਨ ਘਟ ਗਿਆ ਹੈ।
ਡਾਕਟਰਾਂ ਅਨੁਸਾਰ ਵਾਂਗਚੁਕ ਦਾ ਬਲੱਡ ਪ੍ਰੈੱਸ਼ਰ 112/70, ਦਿਲ ਦੀ ਧੜਕਣ 72 ਪ੍ਰਤੀ ਮਿੰਟ ਅਤੇ ਬਲੱਡ ਸ਼ੂਗਰ ਦਾ ਪੱਧਰ 67 ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਵਜ਼ਨ ਘਟ ਕੇ 60.95 ਕਿਲੋ ਰਹਿ ਗਿਆ ਹੈ, ਜਿਸ ਦਾ ਮਤਲਬ ਹੈ ਕਿ ਸੱਤ ਦਿਨਾਂ ਵਿੱਚ ਤਕਰੀਬਨ ਛੇ ਕਿਲੋ ਵਜ਼ਨ ਘਟਿਆ ਹੈ। ਸੀ ਜੇ ਪੀ ਨੇ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਜਾਰੀ ਰੱਖਦਿਆਂ ਦੋਸ਼ ਲਾਇਆ ਕਿ ਵਾਰ-ਵਾਰ ਪ੍ਰੀਖਿਆਵਾਂ ਵਿੱਚ ਹੋਣ ਵਾਲੀਆਂ ਬੇਨਿਯਮੀਆਂ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਘਟਨਾਵਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਬਰਬਾਦ ਕਰ ਦਿੱਤਾ ਹੈ। ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਦੱਸਿਆ ਕਿ ‘ਨੀਟ’ ਦੀ ਤਿਆਰੀ ਕਰ ਰਹੀ ਵਿਦਿਆਰਥਣ ਰੀਆ ਕੁਮਾਰੀ ਥਾਪਾ ਦੇ ਮਾਪੇ ਅੱਜ ਪ੍ਰਦਰਸ਼ਨ ਵਾਲੀ ਥਾਂ ਪਹੁੰਚੇ। ਜਥੇਬੰਦੀ ਦਾ ਦਾਅਵਾ ਹੈ ਕਿ ਕਥਿਤ ਪੇਪਰ ਲੀਕ ਮਗਰੋਂ ਸੁਪਨੇ ਟੁੱਟਣ ਕਾਰਨ ਰੀਆ ਦੀ ਮੌਤ ਹੋਈ ਸੀ।