ਮਮਤਾ ਬੈਨਰਜੀ ਨੇ ਐਗਜ਼ਿਟ ਪੋਲਾਂ ਨੂੰ ਨਕਾਰਿਆ; ਬੰਗਾਲ ‘ਚ 226 ਤੋਂ ਵੱਧ ਸੀਟਾਂ ਜਿੱਤਣ ਦਾ ਕੀਤਾ ਦਾਅਵਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਐਗਜ਼ਿਟ ਪੋਲ ਦੇ ਅੰਦਾਜ਼ੇ ਭਾਜਪਾ ਦੇ ਨਿਰਦੇਸ਼ਾਂ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ ਤਾਂ ਜੋ ਟੀ ਐੱਮ ਸੀ ਵਰਕਰਾਂ ਦਾ ਮਨੋਬਲ ਡੇਗਿਆ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਟੀ ਐੱਮ ਸੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 294 ਵਿੱਚੋਂ 226 ਤੋਂ ਵੱਧ ਸੀਟਾਂ ਜਿੱਤੇਗੀ।
4 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਐਕਸ ‘ਤੇ ਪੋਸਟ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ, ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਟੈਲੀਵਿਜ਼ਨ ਚੈਨਲ ਚੋਣ ਨਤੀਜਿਆਂ ਦੇ ਉਹ ਅੰਦਾਜ਼ੇ ਚਲਾ ਰਹੇ ਹਨ ਜੋ ਭਾਜਪਾ ਦਫ਼ਤਰ ਤੋਂ ਭੇਜੇ ਗਏ ਸਨ।
ਉਨ੍ਹਾਂ ਨੇ ਦੋਸ਼ ਲਾਉਂਦਿਆਂ ਕਿਹਾ, “ਟੀਵੀ ‘ਤੇ ਜੋ ਵੀ ਦਿਖਾਇਆ ਜਾ ਰਿਹਾ ਹੈ, ਉਹ ਦੁਪਹਿਰ 1:08 ਵਜੇ ਭਾਜਪਾ ਦੇ ਦਫ਼ਤਰ ਤੋਂ ਜਾਰੀ ਕੀਤਾ ਗਿਆ ਸੀ। ਇਸ ਖ਼ਬਰ ਨੂੰ ਚਲਵਾਉਣ ਲਈ ਪੈਸੇ ਦਿੱਤੇ ਗਏ ਹਨ ਅਤੇ ਇਸ ਬਾਰੇ ਮੇਰੇ ਕੋਲ ਪੁਖ਼ਤਾ ਜਾਣਕਾਰੀ ਮੌਜੂਦ ਹੈ।”
ਆਪਣੀ ਪਾਰਟੀ ਦੀ ਜਿੱਤ ਦਾ ਦਾਅਵਾ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਟੀ ਐੱਮ ਸੀ 294 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਦੋ-ਤਿਹਾਈ ਬਹੁਮਤ ਦੇ ਅੰਕੜੇ ਨੂੰ ਬੜੀ ਆਸਾਨੀ ਨਾਲ ਪਾਰ ਕਰ ਲਵੇਗੀ।
ਉਨ੍ਹਾਂ ਕਿਹਾ, “ਅਸੀਂ 2026 ਵਿੱਚ 226 ਸੀਟਾਂ ਦਾ ਅੰਕੜਾ ਪਾਰ ਕਰਾਂਗੇ। ਅਸੀਂ 230 ਦਾ ਅੰਕੜਾ ਵੀ ਪਾਰ ਕਰ ਸਕਦੇ ਹਾਂ। ਮੈਨੂੰ ਲੋਕਾਂ ਵੱਲੋਂ ਦਿੱਤੇ ਗਏ ਭਾਰੀ ਫਤਵੇ ‘ਤੇ ਪੂਰਾ ਭਰੋਸਾ ਹੈ।”
ਟੀ ਐੱਮ ਸੀ ਮੁਖੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਵੀ ਨਿਸ਼ਾਨਾ ਸੇਧਿਆ ਅਤੇ ਦੋਸ਼ ਲਗਾਇਆ ਕਿ ਪੂਰੀ ਚੋਣ ਪ੍ਰਕਿਰਿਆ ਦੌਰਾਨ ਕੇਂਦਰੀ ਸੁਰੱਖਿਆ ਬਲ ਭਾਜਪਾ ਦੇ ਏਜੰਟਾਂ ਵਜੋਂ ਕੰਮ ਕਰ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ, “ਅਮਿਤ ਸ਼ਾਹ ਦੇ ਸਿੱਧੇ ਨਿਰਦੇਸ਼ਾਂ ‘ਤੇ, ਕੇਂਦਰੀ ਬਲ ਪੱਛਮੀ ਬੰਗਾਲ ਵਿੱਚ ਪੂਰੀ ਚੋਣ ਪ੍ਰਕਿਰਿਆ ਦੌਰਾਨ ਭਾਜਪਾ ਦੇ ਏਜੰਟਾਂ ਵਜੋਂ ਕੰਮ ਕਰ ਰਹੇ ਹਨ।”