latest news Punjab

Punjab News: ਪਾਰਟੀ ਬਦਲਣ ਤੋਂ ਬਾਅਦ MP ਰਾਜਿੰਦਰ ਗੁਪਤਾ ਦੀ ਟਰਾਈਡੈਂਟ ਫੈਕਟਰੀ ’ਤੇ ਛਾਪਾ

  • PublishedApril 30, 2026

ਬਰਨਾਲਾ ਵਿੱਚ ਪੰਜਾਬ ਦੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਦੀ ਟਰਾਈਡੈਂਟ ਗਰੁੱਪ ਦੀ ਫੈਕਟਰੀ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਛਾਪਾ ਮਾਰਿਆ ਗਿਆ ਹੈ।

ਗੌਰਤਲਬ ਹੈ ਕਿ ਰਾਜਿੰਦਰ ਗੁਪਤਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੇ ਸਨ ਪਰ ਕੁਝ ਦਿਨ ਪਹਿਲਾਂ ਹੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਕਾਰਵਾਈ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਨੌਂ ਗੱਡੀਆਂ ਅੱਜ ਦੁਪਹਿਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਸਥਿਤ ਟਰਾਈਡੈਂਟ ਫੈਕਟਰੀ ਵਿੱਚ ਦਾਖਲ ਹੋਈਆਂ। ਪਿਛਲੇ ਤਿੰਨ ਤੋਂ ਚਾਰ ਘੰਟਿਆਂ ਤੋਂ ਬੋਰਡ ਦੇ ਅਧਿਕਾਰੀਆਂ ਵੱਲੋਂ ਫੈਕਟਰੀ ਦੇ ਅੰਦਰ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਟਰਾਈਡੈਂਟ ਫੈਕਟਰੀ ਖਿਲਾਫ ਪਾਣੀ ਅਤੇ ਹਵਾ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਰਾਈਡੈਂਟ ਗਰੁੱਪ ਦੇ ਮਾਲਕ ਦੀ ਉੱਚੀ ਸਿਆਸੀ ਪਹੁੰਚ ਕਾਰਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ। ਪਿਛਲੇ ਹਫਤੇ ਪੰਜਾਬ ਦੀ ਸਿਆਸਤ ਵਿੱਚ ਆਏ ਬਦਲਾਅ ਅਤੇ ਰਾਜਿੰਦਰ ਗੁਪਤਾ ਦੇ ਦਲ ਬਦਲਣ ਤੋਂ ਬਾਅਦ ਹੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ‘ਤੇ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਅਤੇ ਉਹ ਮੀਡੀਆ ਤੋਂ ਬਚਦੇ ਨਜ਼ਰ ਆਏ।

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਸ ਜਾਂਚ ਵਿੱਚ ਕੀ ਤੱਥ ਸਾਹਮਣੇ ਆਉਂਦੇ ਹਨ, ਇਹ ਆਉਣ ਵਾਲੇ ਸਮੇਂ ਵਿੱਚ ਹੀ ਸਪਸ਼ਟ ਹੋ ਸਕੇਗਾ।