Canada ਵਿੱਚ ਜ਼ਬਰਨ ਵਸੂਲੀ ਦੇ ਮਾਮਲੇ ‘ਚ ਤਿੰਨ ਪੰਜਾਬੀ ਦੋਸ਼ੀ ਕਰਾਰ
ਕੈਨੇਡਾ ਦੀ ਇੱਕ ਅਦਾਲਤ ਵੱਲੋਂ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਰਿਹਾਇਸ਼ੀ ਘਰ ‘ਤੇ ਜ਼ਬਰਨ ਵਸੂਲੀ (extortion) ਨਾਲ ਸਬੰਧਿਤ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਹੋਣ ਲਈ ਤਿੰਨ ਪੰਜਾਬੀਆਂ ਨੂੰ ਸਜ਼ਾ ਸੁਣਾਈ ਗਈ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ, ਤਰਨਵੀਰ ਸਿੰਘ (ਘਟਨਾ ਵੇਲੇ ਉਮਰ 19 ਸਾਲ), ਹਰਜੋਤ ਸਿੰਘ (ਉਮਰ 21 ਸਾਲ) ਅਤੇ ਦਯਾਜੀਤ ਸਿੰਘ ਬਿਲਿੰਗ (ਉਮਰ 21 ਸਾਲ) ਨੇ 9 ਜੂਨ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਇਸ ਤੋਂ ਪਹਿਲਾਂ ਕੈਨੇਡਾ ਪੁਲੀਸ ਨੇ ਇਨ੍ਹਾਂ ਦੀਆਂ ਤਸਵੀਰਾਂ ਬਿਨਾਂ ਪੱਗਾਂ (ਪਗੜੀ) ਤੋਂ ਜਾਰੀ ਕੀਤੀਆਂ ਸਨ, ਜਿਸ ਵਿੱਚ ਨੌਜਵਾਨਾਂ ਦੇ ਚਿਹਰਿਆਂ ‘ਤੇ ਸੱਟਾਂ ਦੇ ਨਿਸ਼ਾਨ ਸਨ। ਇਸ ਕਾਰਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਉਨ੍ਹਾਂ ਦੇ ਧਰਮ ਦੇ ਨਿਰਾਦਰ ਨੂੰ ਲੈ ਕੇ ਇੱਕ ਵਿਵਾਦ ਖੜ੍ਹਾ ਹੋ ਗਿਆ ਸੀ।
ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ: “ਤਰਨਵੀਰ ਸਿੰਘ ਨੇ ਲਾਪਰਵਾਹੀ ਨਾਲ ਹਥਿਆਰ ਚਲਾਉਣ ਦਾ ਗੁਨਾਹ ਕਬੂਲ ਕੀਤਾ ਅਤੇ ਉਸ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਪਹਿਲਾਂ ਕੱਟ ਚੁੱਕੇ ਜੇਲ੍ਹ ਦੇ ਸਮੇਂ (time served) ਨੂੰ ਘਟਾਉਣ ਤੋਂ ਬਾਅਦ, ਉਹ ਹੁਣ ਸਲਾਖਾਂ ਪਿੱਛੇ ਲਗਪਗ 4.5 ਸਾਲ ਹੋਰ ਬਿਤਾਏਗਾ। ਦਯਾਜੀਤ ਬਿਲਿੰਗ ਅਤੇ ਹਰਜੋਤ ਸਿੰਘ ਦੋਵਾਂ ਨੇ ਕੋਈ ਵਿਸਫੋਟਕ ਪਦਾਰਥ ਸੁੱਟਣ ਦਾ ਗੁਨਾਹ ਕਬੂਲ ਕੀਤਾ ਹੈ ਅਤੇ ਉਨ੍ਹਾਂ ਨੂੰ ਦੋ-ਦੋ ਸਾਲ ਤੋਂ ਕੁਝ ਵੱਧ ਦੀ ਸਜ਼ਾ ਸੁਣਾਈ ਗਈ ਹੈ। ਪਹਿਲਾਂ ਕੱਟੇ ਗਏ ਜੇਲ੍ਹ ਦੇ ਸਮੇਂ ਦਾ ਕ੍ਰੈਡਿਟ ਮਿਲਣ ਤੋਂ ਬਾਅਦ, ਬਿਲਿੰਗ 20 ਮਹੀਨੇ ਹੋਰ ਜੇਲ੍ਹ ਵਿੱਚ ਬਿਤਾਏਗਾ, ਜਦੋਂ ਕਿ ਹਰਜੋਤ ਸਿੰਘ 18 ਮਹੀਨੇ ਹੋਰ ਸਜ਼ਾ ਕੱਟੇਗਾ, ਜਿਸ ਤੋਂ ਬਾਅਦ ਦੋਵਾਂ ਨੂੰ ਦੋ-ਦੋ ਸਾਲ ਦੀ ਪ੍ਰੋਬੇਸ਼ਨ (ਨਿਗਰਾਨੀ) ‘ਤੇ ਰੱਖਿਆ ਜਾਵੇਗਾ।”