Team India T20 Squad Announcement: Vaibhav Suryavanshi ਟੀ-20 ਭਾਰਤੀ ਟੀਮ ’ਚ ਚੁਣਿਆਂ ਜਾਣ ਵਾਲਾ ਸਭ ਤੋਂ ਨੌਜਵਾਨ ਕ੍ਰਿਕਟਰ; ਤੋੜਿਆ ਸਚਿਨ ਤੇਂਦੁਲਕਰ ਦਾ ਮਹਾਂ-ਰਿਕਾਰਡ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਗਾਮੀ ਟੀ-20 ਸੀਰੀਜ਼ ਅਤੇ ਏਸ਼ੀਅਨ ਗੇਮਜ਼ ਲਈ ਭਾਰਤੀ ਟੀਮ ਦਾ ਐਲਾਨ ਕਰਦਿਆਂ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਮਹਿਜ਼ 15 ਸਾਲ 71 ਦਿਨਾਂ ਦੇ ਹੈਰਾਨੀਜਨਕ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਪਹਿਲੀ ਵਾਰ ਸੀਨੀਅਰ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਹੈ। ਵੈਭਵ ਭਾਰਤ ਵੱਲੋਂ ਕੌਮਾਂਤਰੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਵਾਲੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੂੰ ਜੂਨ-ਜੁਲਾਈ ਵਿੱਚ ਆਇਰਲੈਂਡ ਤੇ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਅਤੇ ਸਤੰਬਰ ਵਿੱਚ ਹੋਣ ਵਾਲੀਆਂ ਏਸ਼ੀਅਨ ਗੇਮਜ਼ ਲਈ ਚੁਣਿਆ ਗਿਆ ਹੈ।
ਇਸ ਦੇ ਨਾਲ ਹੀ ਬੋਰਡ ਨੇ ਕਪਤਾਨੀ ਨੂੰ ਲੈ ਕੇ ਵੀ ਬੇਹੱਦ ਹੈਰਾਨੀਜਨਕ ਫ਼ੈਸਲਾ ਲਿਆ ਹੈ। ਟੀ-20 ਵਿਸ਼ਵ ਕੱਪ ਜੇਤੂ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਤੋਂ ਕਪਤਾਨੀ ਖੋਹ ਲਈ ਗਈ ਹੈ ਅਤੇ ਖ਼ਰਾਬ ਫਾਰਮ ਕਾਰਨ ਉਨ੍ਹਾਂ ਨੂੰ ਟੀਮ ਵਿੱਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਟੀ-20 ਫਾਰਮੈਟ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਟੀਮ ਦੇ ਉਪ-ਕਪਤਾਨ ਹੋਣਗੇ।
ਵੈਭਵ (15 ਸਾਲ, 71 ਦਿਨ) ਨੇ ਮਹਿਲਾ ਕ੍ਰਿਕਟਰ ਸ਼ੇਫਾਲੀ ਵਰਮਾ (15 ਸਾਲ, 220 ਦਿਨ) ਅਤੇ ਸਚਿਨ ਤੇਂਦੁਲਕਰ (16 ਸਾਲ, 194 ਦਿਨ) ਦਾ ਸਭ ਤੋਂ ਘੱਟ ਉਮਰ ਵਿੱਚ ਚੁਣੇ ਜਾਣ ਦਾ ਰਿਕਾਰਡ ਤੋੜ ਦਿੱਤਾ ਹੈ। ਜੇਕਰ ਵੈਭਵ ਨੂੰ ਇਸ ਦੌਰੇ ਜਾਂ ਏਸ਼ੀਅਨ ਗੇਮਜ਼ ਵਿੱਚ ਇੱਕ ਵੀ ਮੈਚ ਖੇਡਣ ਦਾ ਮੌਕਾ ਮਿਲਦਾ ਹੈ, ਤਾਂ ਉਹ ਸ਼ੇਫਾਲੀ (15 ਸਾਲ 239 ਦਿਨ) ਅਤੇ ਸਚਿਨ (16 ਸਾਲ 205 ਦਿਨ) ਨੂੰ ਪਿੱਛੇ ਛੱਡ ਕੇ ਭਾਰਤ ਲਈ ਖੇਡਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਜਾਣਗੇ। ਢਾਈ ਸਾਲ ਬਾਅਦ ਟੀ-20 ਟੀਮ ਵਿੱਚ ਪਰਤ ਰਹੇ ਸ਼੍ਰੇਅਸ ਅਈਅਰ ਨੂੰ ਸਿੱਧਾ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਵੈਭਵ ਸੂਰਿਆਵੰਸ਼ੀ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਸਭ ਤੋਂ ਵੱਡਾ ਕਾਰਨ ਆਈਪੀਐਲ ਦਾ ਬੀਤਿਆ ਸੀਜ਼ਨ ਰਿਹਾ। IPL 2026 ਵਿੱਚ ਇਸ 15 ਸਾਲਾ ਖਿਡਾਰੀ ਨੇ ਬੱਲੇ ਨਾਲ ਅੱਗ ਉਗਲਦਿਆਂ ਸਭ ਤੋਂ ਵੱਧ 776 ਰਨ ਬਣਾਏ ਅਤੇ ‘ਓਰੇਂਜ ਕੈਪ’ ’ਤੇ ਕਬਜ਼ਾ ਕੀਤਾ। ਵੈਭਵ ਨੇ ਇਸ ਸੀਜ਼ਨ ਵਿੱਚ ਮਹਿਜ਼ 36 ਗੇਂਦਾਂ ਵਿੱਚ ਸੈਂਕੜਾ ਠੋਕਣ ਦਾ ਕਾਰਨਾਮਾ ਵੀ ਕੀਤਾ ਸੀ। ਉਨ੍ਹਾਂ ਨੇ ਮੋਸਟ ਵੈਲਯੂਏਬਲ ਪਲੇਅਰ, ਇਮਰਜਿੰਗ ਪਲੇਅਰ ਆਫ਼ ਦਿ ਈਅਰ, ਸੁਪਰ ਸਟ੍ਰਾਈਕਰ ਅਤੇ ਸਭ ਤੋਂ ਵੱਧ ਛੱਕੇ ਮਾਰਨ ਦਾ ਐਵਾਰਡ ਵੀ ਜਿੱਤਿਆ।
ਨਵੇਂ ਕਪਤਾਨ ਸ਼੍ਰੇਅਸ ਅਈਅਰ ਨੇ ਆਪਣਾ ਆਖਰੀ ਟੀ-20 ਕੌਮਾਂਤਰੀ ਮੈਚ ਦਸੰਬਰ 2023 ਵਿੱਚ ਖੇਡਿਆ ਸੀ। ਆਈਪੀਐਲ 2026 ਵਿੱਚ ਪੰਜਾਬ ਕਿੰਗਜ਼ ਲਈ 168.81 ਦੇ ਤੂਫ਼ਾਨੀ ਸਟ੍ਰਾਈਕ ਰੇਟ ਨਾਲ 498 ਰਨ ਬਣਾਉਣ ਅਤੇ ਲਖਨਊ ਖ਼ਿਲਾਫ਼ ਪਹਿਲਾ ਆਈਪੀਐਲ ਸੈਂਕੜਾ ਜੜਨ ਦਾ ਇਨਾਮ ਉਨ੍ਹਾਂ ਨੂੰ ਕਪਤਾਨ ਵਜੋਂ ਮਿਲਿਆ ਹੈ। ਸ਼੍ਰੇਅਸ ਨੇ 2024 ਵਿੱਚ ਕੇਕੇਆਰ ਨੂੰ ਚੈਂਪੀਅਨ ਬਣਾਇਆ ਸੀ ਅਤੇ 2025 ਵਿੱਚ ਪੰਜਾਬ ਨੂੰ ਫਾਈਨਲ ਤੱਕ ਲੈ ਕੇ ਗਏ ਸਨ।
35 ਸਾਲਾ ਸੂਰਿਆਕੁਮਾਰ ਯਾਦਵ ਦਾ ਹਾਲੀਆ ਫਾਰਮ ਬੇਹੱਦ ਖ਼ਰਾਬ ਰਿਹਾ ਹੈ। ਟੀ-20 ਵਿਸ਼ਵ ਕੱਪ 2026 ਵਿੱਚ ਉਹ 9 ਪਾਰੀਆਂ ਵਿੱਚ ਸਿਰਫ਼ 242 ਰਨ ਬਣਾ ਸਕੇ, ਜਦਕਿ ਆਈਪੀਐਲ ਦੀਆਂ 13 ਪਾਰੀਆਂ ਵਿੱਚ ਵੀ 20.76 ਦੀ ਮਾਮੂਲੀ ਔਸਤ ਨਾਲ ਮਹਿਜ਼ 270 ਰਨ ਹੀ ਜੋੜ ਸਕੇ। ਹਾਲਾਂਕਿ ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ (52 ਮੈਚਾਂ ਵਿੱਚੋਂ 42 ਜਿੱਤੇ, ਜਿੱਤ ਪ੍ਰਤੀਸ਼ਤ 80.76%) ਅਤੇ ਭਾਰਤ ਨੇ ਉਨ੍ਹਾਂ ਦੀ ਅਗਵਾਈ ਵਿੱਚ 2026 ਟੀ-20 ਵਿਸ਼ਵ ਕੱਪ ਅਤੇ 2025 ਏਸ਼ੀਆ ਕੱਪ ਜਿੱਤਿਆ ਸੀ, ਪਰ ਖ਼ਰਾਬ ਬੱਲੇਬਾਜ਼ੀ ਕਾਰਨ ਚੋਣਕਾਰਾਂ ਨੇ ਉਨ੍ਹਾਂ ਨੂੰ ਬਾਹਰ ਕਰਨ ਦਾ ਸਖ਼ਤ ਫ਼ੈਸਲਾ ਲਿਆ।