Missing Australian NRI killed: ਲਾਪਤਾ ਆਸਟਰੇਲੀਆਈ ਪਰਵਾਸੀ ਭਾਰਤੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ; ਭਰਾ ਹੀ ਨਿਕਲਿਆ ਕਾਤਲ
ਪਿਛਲੇ ਕੁਝ ਦਿਨਾਂ ਤੋਂ ਰਹੱਸਮਈ ਹਾਲਾਤ ਵਿੱਚ ਲਾਪਤਾ ਹੋਏ 66 ਸਾਲਾ ਆਸਟਰੇਲੀਆਈ ਨਾਗਰਿਕ (ਪਰਵਾਸੀ ਭਾਰਤੀ) ਸੁਨੀਲ ਸ਼ਰਮਾ ਦੀ ਭਾਲ ਦਾ ਦੁਖਾਂਤਕ ਅੰਤ ਹੋਇਆ ਹੈ। ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਲਾਪਤਾ ਐਨ.ਆਰ.ਆਈ. ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਸਨਸਨੀਖੇਜ਼ ਮਾਮਲੇ ਵਿੱਚ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ ਮ੍ਰਿਤਕ ਦਾ ਆਪਣਾ ਸਗਾ ਭਰਾ ਵੀ ਸ਼ਾਮਲ ਹੈ। ਪੁਲੀਸ ਵੱਲੋਂ ਅੱਜ ਦੇਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਖ਼ੂਨੀ ਵਾਰਦਾਤ ਦੇ ਪਿੱਛੇ ਦੀ ਅਸਲ ਵਜ੍ਹਾ ਅਤੇ ਪੂਰੇ ਘਟਨਾਕ੍ਰਮ ਦਾ ਖੁਲਾਸਾ ਕੀਤੇ ਜਾਣ ਦੀ ਉਮੀਦ ਹੈ।
ਸੀਨੀਅਰ ਪੁਲੀਸ ਕਪਤਾਨ (ਐਸ.ਐਸ.ਪੀ.) ਕੰਵਲਪ੍ਰੀਤ ਸਿੰਘ ਅੱਜ ਮੀਡੀਆ ਨੂੰ ਸੰਬੋਧਨ ਕਰਨਗੇ, ਜਿੱਥੇ ਉਹ ਕਤਲ ਦੇ ਮਕਸਦ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਨਗੇ। ਮੈਲਬੌਰਨ (ਆਸਟਰੇਲੀਆ) ਵਿੱਚ ਗਣਿਤ ਦੇ ਅਧਿਆਪਕ ਵਜੋਂ ਕੰਮ ਕਰਦੇ ਸੁਨੀਲ ਸ਼ਰਮਾ ਬੀਤੀ 22 ਮਈ ਤੋਂ ਪੰਜਾਬ ਫੇਰੀ ਦੌਰਾਨ ਅਚਾਨਕ ਲਾਪਤਾ ਹੋ ਗਏ ਸਨ। ਉਹ ਅੰਮ੍ਰਿਤਸਰ ਸਥਿਤ ਆਪਣੀ ਇੱਕ ਜਾਇਦਾਦ ਦੇ ਮਾਮਲੇ ਨੂੰ ਸੁਲਝਾਉਣ ਅਤੇ ਉੱਥੇ ਘਰ ਦੇ ਰੰਗ-ਰੋਗਨ ਦੇ ਕੰਮ ਦੀ ਦੇਖਭਾਲ ਕਰਨ ਲਈ ਆਏ ਹੋਏ ਸਨ।
ਸੁਨੀਲ ਸ਼ਰਮਾ ਦੇ ਅਚਾਨਕ ਗਾਇਬ ਹੋਣ ਅਤੇ ਉਨ੍ਹਾਂ ਦਾ ਮੋਬਾਈਲ ਫ਼ੋਨ ਲਗਾਤਾਰ ਬੰਦ ਆਉਣ ਕਾਰਨ ਆਸਟਰੇਲੀਆ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗਹਿਰੀ ਚਿੰਤਾ ਵਿੱਚ ਸਨ। ਇਹ ਮਾਮਲਾ ਨਾ ਸਿਰਫ਼ ਪੰਜਾਬੀ ਭਾਈਚਾਰੇ ਵਿੱਚ ਬਲਕਿ ਆਸਟਰੇਲੀਆਈ ਮੀਡੀਆ ਵਿੱਚ ਵੀ ਕਾਫ਼ੀ ਸੁਰਖੀਆਂ ਬਟੋਰ ਰਿਹਾ ਸੀ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਮ੍ਰਿਤਕ ਦੀ ਧੀ ਸੁਰਭੀ ਸ਼ਰਮਾ ਨੇ ਇੱਕ ਭਾਵੁਕ ਵੀਡੀਓ ਸੰਦੇਸ਼ ਜਾਰੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਪਿਤਾ ਦੀ ਸਲਾਮਤੀ ਲਈ ਤੁਰੰਤ ਦਖ਼ਲ ਦੇਣ ਦੀ ਗੁਹਾਰ ਲਗਾਈ ਸੀ।