Canada ‘ਚ ਚੋਰੀ, ਠੱਗੀ ਤੇ ਨਕਲੀ ਹਾਦਸਿਆਂ ਦੇ ਰੈਕਟ ਦਾ ਪਰਦਾਫ਼ਾਸ਼; 46 ਮੁਲਜ਼ਮ ਗ੍ਰਿਫ਼ਤਾਰ
ਡਰਹਮ ਰਿਜਨਲ ਪੁਲੀਸ ਸਰਵਿਸ (DRPS) ਨੇ ਅੱਜ ‘ਪ੍ਰੋਜੈਕਟ ਜੈੱਟ ਸੈਂਟਰ’ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਮੁਹਿੰਮ ਕੈਨੇਡਾ ਵਿੱਚ ਦਾਖ਼ਲ ਹੋ ਕੇ ਸੰਗਠਿਤ ਢੰਗ ਨਾਲ ਅਪਰਾਧ ਕਰਨ ਵਾਲੇ ਗਿਰੋਹਾਂ ਖ਼ਿਲਾਫ਼ ਚਲਾਈ ਗਈ ਇੱਕ ਵਿਸ਼ਾਲ ਜਾਂਚ ਅਤੇ ਕਾਰਵਾਈ ਸੀ।
ਪੁਲੀਸ ਅਨੁਸਾਰ, ‘ਪ੍ਰੋਜੈਕਟ ਜੈੱਟ ਸੈਂਟਰ’ ਡਰਹਮ ਖੇਤਰ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਚੱਲ ਰਹੀਆਂ ਕਈ ਵੱਡੀਆਂ ਜਾਂਚਾਂ ਦਾ ਨਤੀਜਾ ਹੈ। ਇਸ ਤਹਿਤ ਉਨ੍ਹਾਂ ਸੰਗਠਿਤ ਗਿਰੋਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਵੱਡੇ ਵਿੱਤੀ ਲਾਭ ਲਈ ਕੈਨੇਡਾ ਆ ਕੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਗਤੀਵਿਧੀਆਂ ਅਚਨਚੇਤ ਨਹੀਂ ਸਗੋਂ ਯੋਜਨਾਬੱਧ, ਤਾਲਮੇਲ ਵਾਲੀਆਂ ਅਤੇ ਮੁਨਾਫ਼ਾ ਕੇਂਦਰਿਤ ਹਨ।
ਡੀ ਆਰ ਪੀ ਐੱਸ (DRPS) ਦੀ ਫਾਇਨੈਂਸ਼ਲ ਕ੍ਰਾਈਮ ਯੂਨਿਟ ਨੇ ਨੌਂ ਤੋਂ ਵੱਧ ਵੱਖ-ਵੱਖ ਜਾਂਚਾਂ ਅਤੇ 5,000 ਤੋਂ ਜ਼ਿਆਦਾ ਜਾਂਚ ਘੰਟਿਆਂ ਦੌਰਾਨ ਅਜਿਹੀਆਂ 200 ਤੋਂ ਵੱਧ ਘਟਨਾਵਾਂ ਦਾ ਪਤਾ ਲਗਾਇਆ ਹੈ। ਇਨ੍ਹਾਂ ਕਾਰਨ ਸਿਰਫ਼ ਡਰਹਮ ਖੇਤਰ ਵਿੱਚ ਹੀ 26.1 ਲੱਖ ਡਾਲਰ ਤੋਂ ਵੱਧ ਦੇ ਪੁਸ਼ਟੀਸ਼ੁਦਾ ਵਿੱਤੀ ਨੁਕਸਾਨ ਹੋਏ ਹਨ। ਇਸ ਮਾਮਲੇ ਵਿੱਚ ਪੰਜਾਬੀ ਮੂਲ ਦੇ ਅਰਸ਼ ਅਤੇ ਅਰਮਾਨ ਸ਼ਰਮਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਜਗਦੀਪ ਸਿੰਘ, ਗੁਰਪ੍ਰੀਤ ਕੌਰ, ਅਰਸ਼ਦੀਪ ਗੁਰਮ, ਹਰਸਿਮਰਨ ਸਿੰਘ ਢਿੱਲੋਂ, ਅਰਸ਼ਜੋਤ ਸਿੰਘ ਢਿੱਲੋਂ, ਅਮਰਜੀਤ ਸਿੰਘ ਗਿੱਲ, ਗੁਰਿੰਦਰ ਸਿੰਘ, ਪ੍ਰਦੀਪ ਕੁਮਾਰ, ਸ਼ੇਰ ਸਿੰਘ, ਪਰਮਜੀਤ ਸਿੰਘ, ਜਸਦੀਪ ਸਿੰਘ ਅਤੇ ਨਿਤਿਕਾ ਸਿੰਗਲਾ ਆਦਿ ਪੁਲੀਸ ਨੂੰ ਲੋੜੀਂਦੇ (ਵਾਂਟੇਡ) ਹਨ।