Malviya Nagar Fire: ਹੋਟਲ ਮਾਲਕ ਖ਼ਿਲਾਫ਼ ਗੈਰ-ਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਦੀ ਮਦਦ ਕਰਨ ਦੇ ਇਲਜ਼ਾਮ
ਦਿੱਲੀ ਦੇ ਮਾਲਵੀਆ ਨਗਰ ਸਥਿਤ ਜਿਸ ਹੋਟਲ ਵਿੱਚ ਹਾਲ ਹੀ ਵਿੱਚ ਲੱਗੀ ਭਿਆਨਕ ਅੱਗ ਕਾਰਨ 21 ਲੋਕਾਂ ਦੀ ਜਾਨ ਚਲੀ ਗਈ ਸੀ, ਉਸ ਦੇ ਮਾਲਕ ਲਵਕੇਸ਼ ਬਜਾਜ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ। ਲਵਕੇਸ਼ ਬਜਾਜ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਪਹਿਲਾਂ ਹੀ ਗੈਰ-ਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਦੀ ਮਦਦ ਕਰਨ ਦੇ ਦੋਸ਼ ਹੇਠ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ। ਇਨ੍ਹਾਂ ਪਰਵਾਸੀਆਂ ਨੇ ਕਥਿਤ ਤੌਰ ’ਤੇ ਬਜਾਜ ਦੇ ਰਿਹਾਇਸ਼ੀ ਪਤੇ ਦੀ ਵਰਤੋਂ ਕਰਕੇ ਭਾਰਤੀ ਪਛਾਣ ਪੱਤਰ ਹਾਸਲ ਕੀਤੇ ਸਨ। ਪੁਲੀਸ ਰਿਕਾਰਡ ਅਨੁਸਾਰ, ਜਨਵਰੀ 2025 ਵਿੱਚ ਪਹਾੜਗੰਜ ਥਾਣੇ ਵਿਖੇ ਦਰਜ ਕੀਤੇ ਇੱਕ ਮਾਮਲੇ ਵਿੱਚ ਪੁਲੀਸ ਨੇ ਦਿੱਲੀ ਅੰਦਰ ਧੋਖਾਧੜੀ ਨਾਲ ਤਿਆਰ ਕੀਤੇ ਭਾਰਤੀ ਦਸਤਾਵੇਜ਼ਾਂ ਦੇ ਸਹਾਰੇ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ।
ਜਾਂਚ ਦੌਰਾਨ ਪੁਲੀਸ ਨੇ ਦੋ ਬੰਗਲਾਦੇਸ਼ੀ ਔਰਤਾਂ ਸਵੀਟੀ ਸਰਕਾਰ ਉਰਫ਼ ਬਿਊਟੀ ਹਾਵਲਾਦਾਰ ਉਰਫ਼ ਜ਼ੋਹਰਾ ਖ਼ਾਤੂਨ ਅਤੇ ਉਸ ਦੀ ਧੀ ਪੁਸ਼ਪੋ ਸਰਕਾਰ ਉਰਫ਼ ਪੁਸਪੋ ਸਈਅਦਾ ਅਖ਼ਤਰ ਸਮੇਤ ਇੱਕ ਨਾਬਾਲਗ ਬੱਚੇ ਦੀ ਪਛਾਣ ਕੀਤੀ ਸੀ, ਜੋ ਜਾਅਲੀ ਭਾਰਤੀ ਪਛਾਣ ਪੱਤਰਾਂ, ਜਿਨ੍ਹਾਂ ਵਿੱਚ ਪਾਸਪੋਰਟ ਅਤੇ ਆਧਾਰ ਕਾਰਡ ਸ਼ਾਮਲ ਸਨ, ਦੇ ਸਹਾਰੇ ਪਹਾੜਗੰਜ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਸਨ।