India latest news Punjab

Satluj Film Controversy: ਅੱਜ ਹੋਣ ਵਾਲੀ ਅਰਦਾਸ ’ਚ ਪੰਜਾਬ ਦੇ ਨੱਬੇ ਦੇ ਦਹਾਕੇ ਦੇ ਸਾਰੇ ਪੀੜਤਾਂ ਨੂੰ ਯਾਦ ਕੀਤਾ ਜਾਵੇ: ਰਵਨੀਤ ਸਿੰਘ ਬਿੱਟੂ

Satluj Film Controversy: ਅੱਜ ਹੋਣ ਵਾਲੀ ਅਰਦਾਸ ’ਚ ਪੰਜਾਬ ਦੇ ਨੱਬੇ ਦੇ ਦਹਾਕੇ ਦੇ ਸਾਰੇ ਪੀੜਤਾਂ ਨੂੰ ਯਾਦ ਕੀਤਾ ਜਾਵੇ: ਰਵਨੀਤ ਸਿੰਘ ਬਿੱਟੂ
  • PublishedJuly 14, 2026

Akal Takht Ardas: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੂੰ ਅਪੀਲ ਕੀਤੀ ਹੈ ਕਿ ਉਹ ਮੰਗਲਵਾਰ ਨੂੰ ਹੋਣ ਵਾਲੀ ਅਰਦਾਸ ਵਿੱਚ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਹਿੰਸਾ ਦਾ ਸ਼ਿਕਾਰ ਹੋਏ ਸਾਰੇ ਲੋਕਾਂ ਨੂੰ ਯਾਦ ਕਰਨ।

ਇਹ ਅਪੀਲ ਜਥੇਦਾਰ ਵੱਲੋਂ ਕਥਿਤ ਤੌਰ ’ਤੇ ਗੈਰ-ਕਾਨੂੰਨੀ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੀ ਯਾਦ ਵਿੱਚ ਕੀਤੀ ਜਾਣ ਵਾਲੀ ਅਰਦਾਸ ਤੋਂ ਪਹਿਲਾਂ ਕੀਤੀ ਗਈ ਹੈ।

ਕੇਂਦਰੀ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਉਸ ਦੌਰ ਵਿੱਚ ਜੋ ਖ਼ੂਨ ਵਹਿਆ ਸੀ, ਉਹ ਸਿਰਫ਼ ਅਤਿਵਾਦੀਆਂ, ਪੁਲੀਸ ਜਾਂ ਸਿਰਫ਼ ਬੇਗੁਨਾਹ ਨਾਗਰਿਕਾਂ ਦਾ ਨਹੀਂ ਸੀ, ਬਲਕਿ ਉਹ ਪੰਜਾਬ ਦਾ ਖ਼ੂਨ ਸੀ ਅਤੇ ਪੰਜਾਬੀਆਂ ਦਾ ਖ਼ੂਨ ਸੀ।

ਭਾਜਪਾ ਆਗੂ ਰਵਨੀਤ ਬਿੱਟੂ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਪੁੱਛਿਆ ਸੀ ਕਿ ਇਸ ਫ਼ਿਲਮ ਵਿੱਚ ਬੇਗੁਨਾਹ ਹਿੰਦੂਆਂ ਦੇ ਕਤਲੇਆਮ ਅਤੇ ਅਤਿਵਾਦ ਵਿਰੁੱਧ ਲੜਨ ਵਾਲੇ ਪੰਜਾਬ ਪੁਲੀਸ ਦੇ ਜਵਾਨਾਂ, ਸੁਰੱਖਿਆ ਬਲਾਂ ਤੇ ਅਣਗਿਣਤ ਬਹਾਦਰ ਨਾਗਰਿਕਾਂ ਦੀਆਂ ਕੁਰਬਾਨੀਆਂ ਨੂੰ ਘਟਾ ਕੇ ਕਿਉਂ ਦਿਖਾਇਆ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਅਕਾਲ ਤਖ਼ਤ ਦੇ ਜਥੇਦਾਰ ਨੇ ਮੰਗਲਵਾਰ ਸ਼ਾਮ ਨੂੰ ਹਰੀਕੇ ਪੱਤਣ ਵਿਚ ਸਤਲੁਜ ਦਰਿਆ ਦੇ ਕੰਢੇ ਧਾਰਮਿਕ ਇਕੱਠ ਸੱਦਿਆ ਹੈ। ਇਹ ਇਕੱਠ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲੋਂ ਸਾਹਮਣੇ ਲਿਆਂਦੇ ਗਏ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਵਾਸਤੇ ਬੁਲਾਇਆ ਗਿਆ ਸੀ।