OTT ਤੋਂ ਹਟਾਏ ਜਾਣ ਦੇ ਬਾਵਜੂਦ Diljit Dosanjh ਦੀ ਫਿਲਮ ‘Satluj’ ਦੀ ਲੰਡਨ ਦੇ ਗੁਰਦੁਆਰਾ ਸਾਹਿਬ ਵਿਖੇ ਸਕ੍ਰੀਨਿੰਗ
ਲੰਡਨ ਦੇ ਸਾਊਥਾਲ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਕਾਰ ਪਾਰਕ (ਪਾਰਕਿੰਗ ਏਰੀਆ) ਵਿੱਚ ਦਿਲਜੀਤ ਦੋਸਾਂਝ ਸਟਾਰਰ ਫ਼ਿਲਮ “ਸਤਲੁਜ” ਦਾ ਇੱਕ ਮੁਫ਼ਤ ਓਪਨ-ਏਅਰ (ਖੁੱਲ੍ਹੇ ਅਸਮਾਨ ਹੇਠ) ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ।
ਪੱਛਮੀ ਲੰਡਨ ਦੇ ਸਥਾਨਕ ਮੀਡੀਆ ਪਲੇਟਫਾਰਮ ‘UB1UB2’ ਅਨੁਸਾਰ, ਇਸ ਫ਼ਿਲਮ ਦੇ ਸ਼ੋਅ ਦਾ ਪ੍ਰਬੰਧ ਐਤਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੀ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਮਰਦ, ਔਰਤਾਂ, ਬਜ਼ੁਰਗ ਅਤੇ ਬੱਚੇ ਇਕੱਠੇ ਬੈਠ ਕੇ ਫ਼ਿਲਮ ਦੇਖ ਰਹੇ ਹਨ। ਫ਼ਿਲਮ ਸ਼ੁਰੂ ਹੋਣ ਤੋਂ ਬਾਅਦ ਵੀ ਲਗਾਤਾਰ ਪਹੁੰਚ ਰਹੀ ਸੰਗਤ ਲਈ ਪ੍ਰਬੰਧਕਾਂ ਵੱਲੋਂ ਵਾਧੂ ਕੁਰਸੀਆਂ ਦਾ ਇੰਤਜ਼ਾਮ ਕਰਨਾ ਪਿਆ।
ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰੇਰਿਤ ਅਤੇ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ “ਸਤਲੁਜ” ਨੂੰ ਬੀਤੀ 3 ਜੁਲਾਈ ਨੂੰ ਓ.ਟੀ.ਟੀ. (OTT) ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤਾ ਗਿਆ ਸੀ, ਪਰ ਸਿਰਫ਼ 48 ਘੰਟਿਆਂ ਬਾਅਦ ਯਾਨੀ 5 ਜੁਲਾਈ ਨੂੰ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।
ਫ਼ਿਲਮ ਹਟਾਏ ਜਾਣ ਤੋਂ ਬਾਅਦ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਲੋਕਾਂ ਵੱਲੋਂ ਇਸ ਫ਼ਿਲਮ ਦੇ ਸੁਤੰਤਰ ਪ੍ਰਦਰਸ਼ਨ (ਸਕ੍ਰੀਨਿੰਗ) ਕੀਤੇ ਜਾ ਰਹੇ ਹਨ ਅਤੇ ਹੁਣ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਵੱਲੋਂ ਵੀ ਅਜਿਹੇ ਸ਼ੋਅ ਕਰਵਾਏ ਜਾ ਰਹੇ ਹਨ। ਫ਼ਿਲਮ ਹਟਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਲਾਈਵ ਦੌਰਾਨ ਖ਼ੁਸ਼ੀ ਜ਼ਾਹਰ ਕੀਤੀ ਸੀ ਕਿ ਇਹ ਫ਼ਿਲਮ ਘਰ-ਘਰ ਤੱਕ ਪਹੁੰਚ ਗਈ ਹੈ। ਹਾਲ ਹੀ ਵਿੱਚ ਫ਼ਿਲਮ ਤੋਂ ਪਾਬੰਦੀ ਹਟਾਉਣ ਲਈ ਇੱਕ ਜਨਹਿਤ ਪਟੀਸ਼ਨ (PIL) ਵੀ ਦਾਇਰ ਕੀਤੀ ਗਈ ਹੈ।