Russian Army ‘ਚ ਗਏ 217 ਭਾਰਤੀਆਂ ‘ਚੋਂ 49 ਦੀ ਮੌਤ: ਕੇਂਦਰ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਚੱਲ ਰਹੀ ਰੂਸ-ਯੂਕਰੇਨ ਜੰਗ ਦੌਰਾਨ ਕੁੱਲ 217 ਭਾਰਤੀ ਨਾਗਰਿਕ ਰੂਸੀ ਹਥਿਆਰਬੰਦ ਬਲਾਂ (ਫ਼ੌਜ) ਵਿੱਚ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ 49 ਭਾਰਤੀਆਂ ਦੀ ਇਸ ਸੰਘਰਸ਼ ਵਿੱਚ ਜਾਨ ਚਲੀ ਗਈ ਹੈ। ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਇੱਕ ਸਟੇਟਸ ਰਿਪੋਰਟ ਵਿੱਚ ਕੇਂਦਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਰੂਸੀ ਫੈਡਰੇਸ਼ਨ ਨਾਲ ਲਗਾਤਾਰ ਕੀਤੇ ਗਏ ਕੂਟਨੀਤਕ ਯਤਨਾਂ ਸਦਕਾ 139 ਭਾਰਤੀ ਨਾਗਰਿਕਾਂ ਨੂੰ ਰੂਸੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਕੀਤੇ ਗਏ ਇਕਰਾਰਨਾਮਿਆਂ (Contracts) ਤੋਂ ਮੁਕਤ ਕਰਵਾ ਲਿਆ ਗਿਆ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ, “ਇਸ ਤੋਂ ਇਲਾਵਾ, 49 ਭਾਰਤੀ ਨਾਗਰਿਕਾਂ ਦੀ ਇਸ ਜੰਗ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨਾਲ ਹੀ, ਰੂਸੀ ਪੱਖ ਵੱਲੋਂ 6 ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂ ਕਿ 23 ਵਿਅਕਤੀਆਂ ਦੀ ਸਥਿਤੀ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਮਾਸਕੋ ਸਥਿਤ ਭਾਰਤੀ ਦੂਤਾਵਾਸ ਵੱਲੋਂ ਰੂਸੀ ਅਧਿਕਾਰੀਆਂ ਨਾਲ ਇਸ ਮਾਮਲੇ ‘ਤੇ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ।” ਵਿਦੇਸ਼ ਮੰਤਰਾਲੇ ਕੋਲ ਉਪਲੱਬਧ ਤਾਜ਼ਾ ਜਾਣਕਾਰੀ ਅਨੁਸਾਰ, ਲਗਪਗ 217 ਭਾਰਤੀ ਨਾਗਰਿਕਾਂ ਦੇ ਰੂਸੀ ਫ਼ੌਜ ਵਿੱਚ ਸ਼ਾਮਲ ਹੋਣ ਦੀ ਰਿਪੋਰਟ ਸੀ। ਇਸ ਦੌਰਾਨ ਪਟੀਸ਼ਨਰਾਂ ਦੇ ਵਕੀਲ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਵੀ ਚੁੱਕਿਆ।