Raghav Chadha ਬਣੇ ਰਾਜ ਸਭਾ ਦੀ ਪਟੀਸ਼ਨ ਕਮੇਟੀ ਦੇ ਨਵੇਂ ਚੇਅਰਮੈਨ
ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਹਾਲ ਹੀ ਵਿੱਚ ਆਮ ਆਦਮੀ ਪਾਰਟੀ (ਆਪ) ਤੋਂ ਭਾਜਪਾ ਵਿੱਚ ਸ਼ਾਮਲ ਹੋਏ ਹਨ, ਨੂੰ ਸੰਸਦ ਦੇ ਉਪਰਲੇ ਸਦਨ (ਰਾਜ ਸਭਾ) ਦੀ ਪਟੀਸ਼ਨ ਕਮੇਟੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਰਾਜ ਸਭਾ ਦੇ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨਨ ਨੇ ਇਸ ਪਟੀਸ਼ਨ ਕਮੇਟੀ ਦਾ ਮੁੜ ਗਠਨ ਕਰਦੇ ਹੋਏ ਸਦਨ ਦੇ 10 ਮੈਂਬਰਾਂ ਨੂੰ ਇਸ ਪੈਨਲ ਲਈ ਨਾਮਜ਼ਦ ਕੀਤਾ ਹੈ। ਰਾਜ ਸਭਾ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਰਾਘਵ ਚੱਢਾ ਨੂੰ ਇਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਰਾਜ ਸਭਾ ਦੇ ਚੇਅਰਮੈਨ ਵੱਲੋਂ ਇਸ ਪੈਨਲ ਦਾ ਪੁਨਰਗਠਨ 20 ਮਈ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਕਮੇਟੀ ਵਿੱਚ ਰਾਘਵ ਚੱਢਾ ਤੋਂ ਇਲਾਵਾ ਸ਼ਾਮਲ ਕੀਤੇ ਗਏ ਬਾਕੀ ਮੈਂਬਰਾਂ ਦੇ ਨਾਂ ਹਰਸ਼ ਮਹਾਜਨ, ਗੁਲਾਮ ਅਲੀ, ਸ਼ੰਭੂ ਸ਼ਰਨ ਪਟੇਲ, ਮਿਅੰਕ ਕੁਮਾਰ ਨਾਇਕ, ਮਸਥਾਨ ਰਾਓ ਯਾਦਵ ਬੀਧਾ, ਜੇਬੀ ਮਾਥਰ ਹਿਸ਼ਾਮ, ਸੁਭਾਸ਼ੀਸ਼ ਖੁੰਟੀਆ, ਰਵੰਗਵਰਾ ਨਾਰਜ਼ਾਰੀ ਅਤੇ ਸੰਦੋਸ਼ ਕੁਮਾਰ ਪੀ. ਹਨ।
ਇੱਕ ਹੋਰ ਨੋਟੀਫਿਕੇਸ਼ਨ ਵਿੱਚ ਰਾਜ ਸਭਾ ਸਕੱਤਰੇਤ ਨੇ ਦੱਸਿਆ ਕਿ ਰਾਜ ਸਭਾ ਦੇ ਚੇਅਰਮੈਨ ਨੇ 20 ਮਈ 2026 ਨੂੰ ਰਾਜ ਸਭਾ ਮੈਂਬਰ ਡਾਕਟਰ ਮੇਨਕਾ ਗੁਰੂਸਵਾਮੀ ਨੂੰ ਕਾਰਪੋਰੇਟ ਕਾਨੂੰਨ (ਸੋਧ) ਬਿੱਲ, 2026 ਦੀ ਸੰਯੁਕਤ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਲੋਕ ਸਭਾ ਦੇ ਇੱਕ ਵੱਖਰੇ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਕਿ ਸਪੀਕਰ ਨੇ 21 ਮਈ ਤੋਂ ਲਾਗੂ ਹੋਣ ਵਾਲੀ ਇਸੇ ਕਾਰਪੋਰੇਟ ਕਾਨੂੰਨ (ਸੋਧ) ਬਿੱਲ ਦੀ ਸੰਯੁਕਤ ਕਮੇਟੀ ਲਈ ਅਰਵਿੰਦ ਗਣਪਤ ਸਾਵੰਤ ਨੂੰ ਨਾਮਜ਼ਦ ਕੀਤਾ ਹੈ।