Bhagwant Mann Viral Video: ਵਿਰੋਧੀਆਂ ਦੇ ਦੋਸ਼ ਬੇਬੁਨਿਆਦ, ਹਾਰ ਦੀ ਬੌਖਲਾਹਟ ’ਚ ਧਰਮ ਦਾ ਸਹਾਰਾ ਲੈ ਰਿਹੈ ਵਿਰੋਧੀ ਗੱਠਜੋੜ: ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਰਿਕਾਰਡ ਕੀਤੇ ਵੀਡੀਓ ਸੰਦੇਸ਼ ਰਾਹੀਂ ਵਿਰੋਧੀ ਧਿਰਾਂ ’ਤੇ ਤਿੱਖਾ ਪਲਟਵਾਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਲੋਕਾਂ ਦਾ ਸਿਆਸੀ ਸਮਰਥਨ ਹਾਸਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। ਇਹੀ ਕਾਰਨ ਹੈ ਕਿ ਹੁਣ ਇਹ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਕੇ ਧਰਮ ਨੂੰ ਹਥਿਆਰ ਵਜੋਂ ਵਰਤ ਰਹੀਆਂ ਹਨ ਅਤੇ ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਰਾਸਰ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਹਨ।
ਆਪਣਾ ਪੱਖ ਰੱਖਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, “ਮੈਂ ਲਗਾਤਾਰ ਜਨਤਾ ਦੀ ਭਲਾਈ ਦੇ ਕੰਮਾਂ ਵਿੱਚ ਜੁਟਿਆ ਹੋਇਆ ਹਾਂ ਅਤੇ ਅੱਗੇ ਵੀ ਇਹ ਕੰਮ ਜਾਰੀ ਰੱਖਾਂਗਾ। ਵਿਰੋਧੀ ਸਿਰਫ਼ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਵਿੱਚ ਜਿਸ ਵਿਅਕਤੀ ਨੂੰ ਦਿਖਾ ਕੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਮੈਂ ਨਹੀਂ ਹਾਂ। ਉਸ ਵਿਅਕਤੀ ਦੀ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਨਹੀਂ ਮਿਲਦੀ। ਨਾ ਤਾਂ ਉਸ ਦੇ ਖੜ੍ਹੇ ਹੋਣ ਦਾ ਤਰੀਕਾ ਮੇਰੇ ਵਰਗਾ ਹੈ ਅਤੇ ਨਾ ਹੀ ਉਹ ਮੇਰੀ ਤਰ੍ਹਾਂ ਚੱਲਦਾ ਹੈ। ਇਹ ਸਿਰਫ਼ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।”
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਮ ਜਨਤਾ ਨੇ ਇਸ ਵੀਡੀਓ ਦੀ ਹਕੀਕਤ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੈ। ਉਨ੍ਹਾਂ ਨੂੰ ਪੰਜਾਬ ਭਰ ਵਿੱਚੋਂ ਸੈਂਕੜੇ ਫੋਨ ਕਾਲਾਂ ਅਤੇ ਵੀਡੀਓ ਸੰਦੇਸ਼ ਆਏ ਹਨ, ਜਿਨ੍ਹਾਂ ਵਿੱਚ ਲੋਕਾਂ ਨੇ ਖੁਦ ਮੰਨਿਆ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਬੰਦਾ ਮੁੱਖ ਮੰਤਰੀ ਨਹੀਂ ਹੈ। ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਵਿਰੋਧੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਫ਼ਰਜ਼ੀ ਵੀਡੀਓ ਵਾਲੀ ਚਾਲ ਫੇਲ੍ਹ ਹੋ ਗਈ ਹੈ, ਤਾਂ ਉਨ੍ਹਾਂ ਨੇ ਨਵੀਂ ਕਹਾਣੀ ਘੜ ਲਈ, ਜਦਕਿ ਸਰਕਾਰ ਨੇ ਸੁਤੰਤਰ ਲੈਬਾਰਟਰੀਆਂ ਤੋਂ ਇਸ ਦੀ ਜਾਂਚ ਕਰਵਾ ਕੇ ਸਾਬਤ ਕਰ ਦਿੱਤਾ ਸੀ ਕਿ ਵੀਡੀਓ ਨਕਲੀ ਹੈ।