Passport Valid Document: ਵੋਟਰ ਸੂਚੀ ਸੋਧ ਦੌਰਾਨ ਪਾਸਪੋਰਟ ਵਾਜਬ ਤੇ ਜਾਇਜ਼ ਦਸਤਾਵੇਜ਼: ਚੋਣ ਕਮਿਸ਼ਨ
Passport Valid for Voter Registration: ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਅੱਜ ਸਪੱਸ਼ਟ ਕੀਤਾ ਕਿ ਭਾਰਤੀ ਪਾਸਪੋਰਟ ਹਾਲੇ ਵੀ ਉਨ੍ਹਾਂ 12 ਵਾਜਬ ਤੇ ਜਾਇਜ਼ ਸਹਾਇਕ ਦਸਤਾਵੇਜ਼ਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਆਧਾਰ ’ਤੇ ਵੋਟਰ ਆਪਣੀ ਯੋਗਤਾ ਸਾਬਤ ਕਰ ਸਕਦੇ ਹਨ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਜਾਂ ਕਾਇਮ ਰੱਖ ਸਕਦੇ ਹਨ।
ਇਹ ਸਪੱਸ਼ਟੀਕਰਨ ਉਸ ਵਿਵਾਦ ਤੋਂ ਬਾਅਦ ਆਇਆ ਹੈ ਜੋ ਵਿਦੇਸ਼ ਮੰਤਰਾਲੇ ਵੱਲੋਂ ਇਹ ਕਹੇ ਜਾਣ ਮਗਰੋਂ ਉੱਠਿਆ ਕਿ ਪਾਸਪੋਰਟ ਆਪਣੇ ਆਪ ਵਿੱਚ ਨਾਗਰਿਕਤਾ ਦਾ ਸਬੂਤ ਨਹੀਂ ਹੈ। ਮੰਤਰਾਲੇ ਨੇ ਇਸ ਲਈ 1967 ਦੇ ਪਾਸਪੋਰਟ ਕਾਨੂੰਨ ਦਾ ਹਵਾਲਾ ਦਿੱਤਾ ਸੀ।
ਸਰਕਾਰੀ ਸੂਤਰਾਂ ਨੇ ਕਿਹਾ ਕਿ ਪਾਸਪੋਰਟ ਨੂੰ ਕਦੇ ਵੀ ਨਾਗਰਿਕਤਾ ਦੇ ਅੰਤਿਮ ਸਬੂਤ ਵਜੋਂ ਨਹੀਂ ਮੰਨਿਆ ਗਿਆ ਅਤੇ ਪਿਛਲੇ 12 ਸਾਲਾਂ ਦੌਰਾਨ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਨਵੀਂ ਨੀਤੀ ਲਾਗੂ ਨਹੀਂ ਕੀਤੀ ਗਈ। ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਾਸਪੋਰਟ ਪਹਿਲਾਂ ਵੀ ਪਛਾਣ ਸਾਬਤ ਕਰਨ ਲਈ ਇੱਕ ਵਾਜਬ ਤੇ ਜਾਇਜ਼ ਦਸਤਾਵੇਜ਼ ਸੀ ਅਤੇ ਅੱਜ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ।
ਬਿਹਾਰ ਅਤੇ ਆਸਾਮ ਵਿੱਚ ਵੀ ਪਾਸਪੋਰਟ ਨੂੰ ਦਿੱਤੀ ਗਈ ਸੀ ਮਾਨਤਾ
ਅਧਿਕਾਰੀਆਂ ਮੁਤਾਬਕ ਬਿਹਾਰ ਵਿੱਚ ਚੱਲ ਰਹੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ), ਆਸਾਮ ਦੀ ਵਿਸ਼ੇਸ਼ ਵੋਟਰ ਸੂਚੀ ਸੋਧ ਅਤੇ ਇਸ ਤੋਂ ਬਾਅਦ ਹੋਈਆਂ ਹੋਰ ਸੋਧ ਪ੍ਰਕਿਰਿਆਵਾਂ ਦੌਰਾਨ ਵੀ ਪਾਸਪੋਰਟ ਹਮੇਸ਼ਾ ਉਨ੍ਹਾਂ 12 ਦਸਤਾਵੇਜ਼ਾਂ ਦੀ ਸੂਚੀ ਵਿੱਚ ਸ਼ਾਮਲ ਰਿਹਾ ਹੈ, ਜੋ ਲੋਕ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਜਾਂ ਆਪਣਾ ਨਾਮ ਵੋਟਰ ਸੂਚੀ ਵਿੱਚ ਕਾਇਮ ਰੱਖਣ ਲਈ ਜਮ੍ਹਾਂ ਕਰਵਾ ਸਕਦੇ ਹਨ।
ਅੰਤਿਮ ਫ਼ੈਸਲਾ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਕਰਦਾ ਹੈ
ਚੋਣ ਕਮਿਸ਼ਨ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਜਾਂ ਆਪਣੀ ਐਂਟਰੀ ਬਰਕਰਾਰ ਰੱਖਣ ਲਈ ਅਰਜ਼ੀ ਦਿੰਦਾ ਹੈ ਤਾਂ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈਆਰਓ) ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਇਹ ਅਧਿਕਾਰੀ ਪੇਸ਼ ਕੀਤੇ ਗਏ ਮਨਜ਼ੂਰਸ਼ੁਦਾ ਦਸਤਾਵੇਜ਼ਾਂ ਦੇ ਆਧਾਰ ’ਤੇ ਇਹ ਫ਼ੈਸਲਾ ਕਰਦਾ ਹੈ ਕਿ ਸਬੰਧਿਤ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਲਈ ਯੋਗ ਹੈ ਜਾਂ ਨਹੀਂ।