India latest news

Padma Awards 2026: ਮਾਮੂਟੀ, ਅਲਕਾ ਯਾਗਨਿਕ ਅਤੇ ਵਿਜੈ ਅੰਮ੍ਰਿਤਰਾਜ ਨੂੰ ਮਿਲਿਆ ਪਦਮ ਭੂਸ਼ਣ

Padma Awards 2026: ਮਾਮੂਟੀ, ਅਲਕਾ ਯਾਗਨਿਕ ਅਤੇ ਵਿਜੈ ਅੰਮ੍ਰਿਤਰਾਜ ਨੂੰ ਮਿਲਿਆ ਪਦਮ ਭੂਸ਼ਣ
  • PublishedJune 23, 2026

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿੱਚ 65 ਉੱਘੀਆਂ ਸ਼ਖ਼ਸੀਅਤਾਂ ਨੂੰ ਦੇਸ਼ ਦੇ ਵੱਕਾਰੀ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਟੈਨਿਸ ਦੇ ਦਿੱਗਜ ਵਿਜੈ ਅੰਮ੍ਰਿਤਰਾਜ, ਉੱਘੇ ਅਦਾਕਾਰ ਮਾਮੂਟੀ ਅਤੇ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਮਾਮੂਟੀ ਨੇ ਡਾ. ਅੰਬੇਡਕਰ ਸਬੰਧੀ ਬਣੀ ਫਿਲਮ ਵਿਚ ਬਾਬਾ ਸਾਹਿਬ ਦੀ ਯਾਦਗਾਰੀ ਭੂਮਿਕਾ ਨਿਭਾਈ ਸੀ।

ਰਾਸ਼ਟਰਪਤੀ ਨੇ ਜਨਤਕ ਮਾਮਲਿਆਂ ਦੇ ਖੇਤਰ ਵਿੱਚ ਯੋਗਦਾਨ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥੌਮਸ ਅਤੇ ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਮਲਿਆਲਮ ਪੱਤਰਕਾਰ ਪੀ. ਨਾਰਾਇਣਨ ਨੂੰ ਪਦਮ ਵਿਭੂਸ਼ਣ ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਅਮਰੀਕੀ ਕੈਂਸਰ ਮਾਹਿਰ ਡਾ. ਦੱਤਾਤ੍ਰੇਯੁਡੂ ਨੋਰੀ, ਉਦਯੋਗਪਤੀ ਐਸ.ਕੇ.ਐਮ. ਮੇਇਲਾਨੰਧਨ ਅਤੇ ਸਮਾਜ ਸੇਵੀ ਤੇ ਸਿੱਖਿਆ ਸ਼ਾਸਤਰੀ ਵੇਲਾਪੱਲੀ ਨਟੇਸਨ ਨੂੰ ਵੀ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਕੇਂਦਰ ਸਰਕਾਰ ਨੇ ਸਾਲ 2026 ਲਈ ਕੁੱਲ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚ ਪੰਜ ਪਦਮ ਵਿਭੂਸ਼ਣ ਸ਼ਾਮਲ ਹਨ। ਇਸ ਤੋਂ ਪਹਿਲਾਂ 25 ਮਈ ਨੂੰ ਹੋਏ ਪਹਿਲੇ ਸਮਾਰੋਹ ਦੌਰਾਨ 65 ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ।

ਪਦਮ ਪੁਰਸਕਾਰ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹਨ, ਜੋ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਤਿੰਨ ਸ਼੍ਰੇਣੀਆਂ ਵਿੱਚ ਕਲਾ, ਸਾਹਿਤ, ਵਿਗਿਆਨ, ਸਮਾਜ ਸੇਵਾ, ਸਿੱਖਿਆ, ਖੇਡਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਦਿੱਤੇ ਜਾਂਦੇ ਹਨ।