Moga Police Station Blast: ਸਦਰ ਪੁਲੀਸ ਸਟੇਸ਼ਨ ‘ਚ ਧਮਾਕੇ ਤੋਂ ਬਾਅਦ ਮੋਗਾ ‘ਚ ਹਾਈ ਅਲਰਟ ਜਾਰੀ
ਸਦਰ ਪੁਲੀਸ ਸਟੇਸ਼ਨ ਵਿੱਚ ਬੁੱਧਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਪੂਰੇ ਮੋਗਾ ਜ਼ਿਲ੍ਹੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।
ਸੂਤਰਾਂ ਮੁਤਾਬਕ, ਮੋਗਾ-ਫਿਰੋਜ਼ਪੁਰ ਹਾਈਵੇਅ ‘ਤੇ ਜਾ ਰਹੇ ਸ਼ੱਕੀਆਂ ਨੇ ਕਥਿਤ ਤੌਰ ‘ਤੇ ਪੁਲੀਸ ਸਟੇਸ਼ਨ ਦੀ ਇਮਾਰਤ ‘ਤੇ ਬਾਹਰੋਂ ਇਕ ਵਿਸਫੋਟਕ ਚੀਜ਼ (ਮੰਨਿਆ ਜਾ ਰਿਹਾ ਹੈ ਕਿ ਇਹ ਹੈਂਡ ਗ੍ਰਨੇਡ ਸੀ) ਸੁੱਟੀ ਅਤੇ ਫਿਰ ਫਰਾਰ ਹੋ ਗਏ।
ਕਾਫ਼ੀ ਦੇਰ ਦੀ ਅਧਿਕਾਰਿਤ ਚੁੱਪੀ ਤੋਂ ਬਾਅਦ, ਮੋਗਾ ਦੇ ਐੱਸ ਐੱਸ ਪੀ ਗੁਰਬੰਸ ਸਿੰਘ ਬੈਂਸ ਨੇ ਘਟਨਾ ਦੀ ਪੁਸ਼ਟੀ ਕੀਤੀ। ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਐੱਸ ਐੱਸ ਪੀ ਬੈਂਸ ਨੇ ਕਿਹਾ ਕਿ ਇਹ ਇੱਕ “ਘੱਟ ਤੀਬਰਤਾ ਵਾਲਾ ਧਮਾਕਾ” ਸੀ ਅਤੇ ਭਰੋਸਾ ਦਿਵਾਇਆ ਕਿ ਵਿਸ਼ੇਸ਼ ਫੋਰੈਂਸਿਕ ਟੀਮਾਂ ਹਰ ਪਹਿਲੂ ਤੋਂ ਘਟਨਾ ਸਥਾਨ ਦੀ ਜਾਂਚ ਕਰ ਰਹੀਆਂ ਹਨ। ਮੁਢਲੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਇਮਾਰਤ ਨੂੰ ਕੋਈ ਵੱਡਾ ਨੁਕਸਾਨ ਪਹੁੰਚਿਆ ਹੈ।
ਧਮਾਕੇ ਦੇ ਤੁਰੰਤ ਬਾਅਦ, ਸੀਨੀਅਰ ਪੁਲੀਸ ਅਧਿਕਾਰੀ ਇਲਾਕੇ ਨੂੰ ਸੁਰੱਖਿਅਤ ਕਰਨ ਲਈ ਘਟਨਾ ਸਥਾਨ ‘ਤੇ ਪਹੁੰਚੇ। ਹਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਦਰ ਪੁਲੀਸ ਸਟੇਸ਼ਨ ਦੇ ਮੁੱਖ ਗੇਟ ਆਮ ਜਨਤਾ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਇਮਾਰਤ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਜਾਂਚ ਵਿੱਚ ਮਦਦ ਲਈ ਇੱਕ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਮੋਗਾ-ਫਿਰੋਜ਼ਪੁਰ ਰੋਡ ‘ਤੇ ਸਾਰੇ ਪ੍ਰਮੁੱਖ ਸਥਾਨਾਂ, ਸਰਕਾਰੀ ਇਮਾਰਤਾਂ ਅਤੇ ਆਉਣ-ਜਾਣ ਵਾਲੇ ਪੁਆਇੰਟਾਂ ‘ਤੇ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਪੁਲੀਸ ਸ਼ੱਕੀਆਂ ਦੀ ਪਛਾਣ ਕਰਨ ਲਈ ਹਾਈਵੇਅ ਦੀ ਸੀ ਸੀ ਟੀ ਵੀ (CCTV) ਫੁਟੇਜ ਨੂੰ ਖੰਗਾਲ ਰਹੀ ਹੈ। ਜਾਂਚ ਅੱਗੇ ਵਧਣ ਦੇ ਨਾਲ-ਨਾਲ ਹੋਰ ਵੇਰਵਿਆਂ ਦੀ ਉਡੀਕ ਹੈ।
ਉੱਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਇਸ ਧਮਾਕੇ ਦਾ ਜ਼ਿਕਰ ਕਰਦਿਆਂ ਸੂਬੇ ਦੀ ਕਾਨੂੰਨ-ਵਿਵਸਥਾ ਉੱਤੇ ਸਵਾਲ ਖੜ੍ਹੇ ਕੀਤੇ ਹਨ।