Canada latest news World

Canada Punjabi Death: ਨਹਿਰ ਵਿੱਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ

Canada Punjabi Death: ਨਹਿਰ ਵਿੱਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
  • PublishedJuly 7, 2026

ਕੈਨੇਡਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਹਿਰ ਵਿੱਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਤਪਾ ਮੰਡੀ ਦਾ 26 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ (ਘੁੰਨਸ ਰੋਡ) ਦਾ ਰਹਿਣ ਵਾਲਾ ਸੀ। ਇਸ ਘਟਨਾ ਵਿਚ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ।

ਘਟਨਾ ਉਸ ਵੇਲੇ ਦੀ ਦੱਸੀ ਜਾ ਰਹੀ ਹੈ ਜਦੋਂ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ਦੇ ਕਿਨਾਰੇ ਲਵਪ੍ਰੀਤ ਸਿੰਘ ਦੇ ਦੋਸਤ ਦਾ ਅਚਾਨਕ ਪੈਰ ਫ਼ਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਿਆ। ਜਦੋਂ ਲਵਪ੍ਰੀਤ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਅਫ਼ਸੋਸ, ਦੋਸਤ ਨੂੰ ਬਚਾਉਂਦਿਆਂ ਲਵਪ੍ਰੀਤ ਸਿੰਘ ਖ਼ੁਦ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ। ਕੈਨੇਡਾ ਪ੍ਰਸ਼ਾਸਨ ਵੱਲੋਂ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਖ਼ਬਰ ਨੇ ਸਾਬਕਾ ਫ਼ੌਜੀ ਬਲਵੀਰ ਸਿੰਘ ਦੇ ਪੂਰੇ ਗੁਰਸਿੱਖ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼

ਪਰਿਵਾਰ ਦਾ ਇਕਲੌਤਾ ਪੁੱਤ ਲਵਪ੍ਰੀਤ ਸਿੰਘ ਕਰੀਬ ਦੋ-ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ’ਤੇ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਗਿਆ ਸੀ, ਜਿੱਥੇ ਉਹ ਇੱਕ ਕੰਪਨੀ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਿਹਾ ਸੀ। ਲਵਪ੍ਰੀਤ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਲਈ ਵਿਦੇਸ਼ ਗਿਆ ਸੀ। ਪੁੱਤ ਨੂੰ ਕੈਨੇਡਾ ਭੇਜਣ ਲਈ ਸੀ.ਆਰ.ਪੀ.ਐਫ. (CRPF) ਵਿੱਚੋਂ ਸੇਵਾਮੁਕਤ ਹੋਏ ਫ਼ੌਜੀ ਪਿਤਾ ਬਲਵੀਰ ਸਿੰਘ ਨੇ ਆਪਣੀ ਹਿੱਸੇ ਆਉਂਦੀ ਪੌਣੇ ਦੋ (ਤੇ ਪਰਿਵਾਰ ਦੀ ਢਾਈ) ਏਕੜ ਜ਼ਮੀਨ ਵੇਚ ਕੇ 29 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਸੀ। ਇਕਲੌਤੇ ਭਰਾ ਦੀ ਮੌਤ ਤੋਂ ਬਾਅਦ ਜਿੱਥੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਮਾਪਿਆਂ ਦੇ ਦੇਖੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਹਨ। ਮ੍ਰਿਤਕ ਲਵਪ੍ਰੀਤ ਸਿੰਘ ਨੇ ਮਹਿਜ਼ 10 ਦਿਨ ਪਹਿਲਾਂ ਹੀ ਫ਼ੋਨ ’ਤੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ।

ਸਰਕਾਰਾਂ ਅਤੇ NRI ਭਾਈਚਾਰੇ ਅੱਗੇ ਗੁਹਾਰ

ਰੋਂਦੇ-ਕੁਰਲਾਉਂਦੇ ਮਾਪਿਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਕੈਨੇਡਾ ਸਰਕਾਰ ਸਮੇਤ ਵਿਦੇਸ਼ਾਂ ਵਿੱਚ ਬੈਠੇ ਐਨ.ਆਰ.ਆਈ. (NRI) ਭਾਈਚਾਰੇ ਅਤੇ ਸਮਾਜ ਸੇਵੀਆਂ ਨੂੰ ਹੱਥ ਜੋੜ ਕੇ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪੰਜਾਬ (ਤਪਾ ਮੰਡੀ) ਲਿਆਉਣ ਵਿੱਚ ਸਹਿਯੋਗ ਕੀਤਾ ਜਾਵੇ, ਤਾਂ ਜੋ ਉਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ। ਲਵਪ੍ਰੀਤ ਦੇ ਪਰਿਵਾਰ ਵਿੱਚ ਹੁਣ ਸਿਰਫ਼ ਉਸ ਦੇ ਪਿਤਾ, ਮਾਤਾ ਅਤੇ ਇਕਲੌਤੀ ਭੈਣ ਰਹਿ ਗਏ ਹਨ।