Lawrence Bishnoi ਇੰਟਰਵਿਊ ਮਾਮਲਾ: ਹਾਈਕੋਰਟ ਦੇ ਸੇਵਾਮੁਕਤ ਜੱਜ ਨੇ IPS ਅਧਿਕਾਰੀ ਨੂੰ ਕੀਤਾ ਦੋਸ਼ਮੁਕਤ; ਮਜੀਠੀਆ ਨੇ ਚੁੱਕੇ ਸਵਾਲ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ ਨੇ ਮੋਹਾਲੀ ਦੇ ਤਤਕਾਲੀ ਐੱਸ ਐੱਸ ਪੀ, ਆਈ ਪੀ ਐੱਸ ਅਧਿਕਾਰੀ ਵਿਵੇਕ ਸ਼ੀਲ ਸੋਨੀ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੂੰ ਸੀ ਆਈ ਏ ਖਰੜ ਵਿੱਚ ਪੁਲੀਸ ਹਿਰਾਸਤ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਬਹੁ-ਚਰਚਿਤ ਇੰਟਰਵਿਊਆਂ ਦੇ ਮਾਮਲੇ ਵਿੱਚ ਲਾਪਰਵਾਹੀ, ਗਲਤ ਵਿਵਹਾਰ ਅਤੇ ਡਿਊਟੀ ਵਿੱਚ ਕੋਤਾਹੀ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਇਹ ਮਾਮਲਾ ਬੁੱਧਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਬਾਰੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਦੋਸ਼ਮੁਕਤ ਕੀਤੇ ਜਾਣ ‘ਤੇ ਸਵਾਲ ਚੁੱਕੇ।
ਮਜੀਠੀਆ ਨੇ ਪੋਸਟ ਕੀਤਾ, “ਹੁਣ ਆਈ ਪੀ ਐੱਸ ਅਧਿਕਾਰੀ ਵਿਵੇਕ ਸ਼ੀਲ ਸੋਨੀ, ਜਿਸ ਉੱਤੇ ਕਥਿਤ ਤੌਰ ‘ਤੇ ਉਸ (ਲਾਰੈਂਸ ਬਿਸ਼ਨੋਈ) ਇੰਟਰਵਿਊ ਨੂੰ ਕਰਵਾਉਣ ਵਿੱਚ ਮਦਦ ਕਰਨ ਦਾ ਆਰੋਪ ਸੀ, ਉਸ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੇ ਗ੍ਰਹਿ ਵਿਭਾਗ ਨੇ ਬਰੀ ਕਰ ਦਿੱਤਾ ਹੈ, ਜਿਸ ਨੂੰ ਉਨ੍ਹਾਂ ਦੇ ਨੌਕਰਸ਼ਾਹ ਸਾਥੀਆਂ ਦਾ ਵੀ ਸਮਰਥਨ ਹਾਸਲ ਹੈ।”