IVF mix up: IVF ਸੈਂਟਰ ਦੀ ਵੱਡੀ ਲਾਪਰਵਾਹੀ: ਜੋੜੇ ਦੇ ਘਰ ਪੈਦਾ ਹੋਈਆਂ ਜੁੜਵਾਂ ਬੱਚੀਆਂ ਨਿਕਲੀਆਂ ਕਿਸੇ ਹੋਰ ਦੀਆਂ, DNA ਰਿਪੋਰਟ ਦੇਖ ਕੇ ਉੱਡੇ ਜੋੜੇ ਦੇ ਹੋਸ਼
ਆਧੁਨਿਕ ਡਾਕਟਰੀ ਵਿਗਿਆਨ ਦੇ ਦੌਰ ਵਿੱਚ ਦਿੱਲੀ ਦੇ ਇੱਕ ਨਾਮਵਰ ਆਈ.ਵੀ.ਐੱਫ. (IVF) ਕਲੀਨਿਕ ਦੀ ਰੂਹ ਕੰਬਾਊ ਅਤੇ ਵੱਡੀ ਲਾਪਰਵਾਹੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਦੇ ਰਹਿਣ ਵਾਲੇ ਰਾਹੁਲ ਰਾਠੌਰ ਅਤੇ ਉਸ ਦੀ ਪਤਨੀ ਮੀਨੂ ਰਾਠੌਰ ਨੇ ਔਲਾਦ ਦੀ ਸੁਖ ਪ੍ਰਾਪਤੀ ਲਈ ਆਈ.ਵੀ.ਐੱਫ. ਤਕਨੀਕ ਦਾ ਸਹਾਰਾ ਲਿਆ ਸੀ। ਬੀਤੀ 5 ਜਨਵਰੀ ਨੂੰ ਮੀਨੂ ਨੇ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ, ਜਿਸ ਨਾਲ ਘਰ ਵਿੱਚ ਖ਼ੁਸ਼ੀਆਂ ਗੂੰਜ ਉੱਠੀਆਂ। ਪਰ ਇਹ ਖ਼ੁਸ਼ੀ ਉਸ ਵੇਲੇ ਮਾਤਮ ਅਤੇ ਡੂੰਘੇ ਸਦਮੇ ਵਿੱਚ ਬਦਲ ਗਈ ਜਦੋਂ ਬੱਚੀਆਂ ਦੀ ਸ਼ਕਲ ਪਰਿਵਾਰ ਨਾਲ ਨਾ ਮਿਲਣ ਕਾਰਨ ਕਰਵਾਏ ਗਏ ਡੀ.ਐੱਨ.ਐੱਏ. (DNA) ਟੈਸਟ ਦੀ ਰਿਪੋਰਟ ਸਾਹਮਣੇ ਆਈ।
ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਉਹ ਬੱਚੀਆਂ ਜੈਵਿਕ (ਬਾਇਓਲੋਜੀਕਲ) ਤੌਰ ’ਤੇ ਉਨ੍ਹਾਂ ਦੀਆਂ ਆਪਣੀਆਂ ਸੰਤਾਨਾਂ ਨਹੀਂ ਹਨ।ਦਿੱਲੀ ਦੀ ਇੱਕ ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਥਾਨਕ ਪੁਲੀਸ ਨੂੰ ਤੁਰੰਤ ਮੁਕੱਦਮਾ ਦਰਜ ਕਰਕੇ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਪੀੜਤ ਜੋੜੇ ਦਾ ਦੋਸ਼ ਹੈ ਕਿ ਕਲੀਨਿਕ ਨੇ ਉਨ੍ਹਾਂ ਦੇ ਸੈਂਪਲ (ਭਰੂਣ) ਕਿਸੇ ਹੋਰ ਜੋੜੇ ਨਾਲ ਬਦਲ ਦਿੱਤੇ ਅਤੇ ਕਿਸੇ ਦੂਜੇ ਪਰਿਵਾਰ ਦਾ ਭਰੂਣ ਮੀਨੂ ਦੇ ਗਰਭ ਵਿੱਚ ਟ੍ਰਾਂਸਪਲਾਂਟ ਕਰ ਦਿੱਤਾ, ਜਿਸ ਕਾਰਨ ਅੱਜ ਉਹ ਆਪਣੀ ਅਸਲ ਔਲਾਦ ਲਈ ਦਰ-ਦਰ ਭਟਕਣ ਲਈ ਮਜਬੂਰ ਹਨ।
ਰਾਹੁਲ ਰਾਠੌਰ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਅਦਾਲਤ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਹਸਪਤਾਲ ਦੇ ਆਈ.ਵੀ.ਐੱਫ. ਰਿਕਾਰਡ, ਭਰੂਣ ਨਾਲ ਸਬੰਧਤ ਦਸਤਾਵੇਜ਼, ਲੈਬ ਰਿਪੋਰਟਾਂ, ਇਲੈਕਟ੍ਰਾਨਿਕ ਡਾਟਾ ਅਤੇ ਸੀਸੀਟੀਵੀ (CCTV) ਫੁਟੇਜ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਸੁਰੱਖਿਅਤ ਕੀਤਾ ਜਾਵੇ ਤਾਂ ਜੋ ਕਲੀਨਿਕ ਦੀ ਇਸ ਵੱਡੀ ਸਾਜ਼ਿਸ਼ ਜਾਂ ਲਾਪਰਵਾਹੀ ਦਾ ਪਰਦਾਫਾਸ਼ ਹੋ ਸਕੇ।ਪੀੜਤ ਮੀਨੂ ਰਾਠੌਰ ਨੇ ਇੱਕ ਹੋਰ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਦੇਸ਼ਾਂ ਤੋਂ ਅਜਿਹੇ ਜੋੜਿਆਂ ਦੇ ਫ਼ੋਨ ਆ ਰਹੇ ਹਨ, ਜਿਨ੍ਹਾਂ ਨਾਲ ਇਨ੍ਹਾਂ ਕਲੀਨਿਕਾਂ ਵੱਲੋਂ ਅਜਿਹੀ ਹੀ ਲੁੱਟ ਅਤੇ ਧੋਖਾਧੜੀ ਕੀਤੀ ਗਈ ਹੈ। ਪੀੜਤ ਜੋੜੇ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇਸ ਮਾਮਲੇ ਵਿੱਚ ਨਿੱਜੀ ਤੌਰ ’ਤੇ ਦਖ਼ਲ ਦੇਣ ਅਤੇ ਮੈਡੀਕਲ ਮਾਫ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।