latest news Punjab

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ: ਮੁਲਜ਼ਮ ਦਾ 5 ਦਿਨ ਦਾ ਹੋਰ ਪੁਲਿਸ ਰਿਮਾਂਡ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ: ਮੁਲਜ਼ਮ ਦਾ 5 ਦਿਨ ਦਾ ਹੋਰ ਪੁਲਿਸ ਰਿਮਾਂਡ
  • PublishedJune 14, 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਹੋਈ ਕਥਿਤ ਬੇਅਦਬੀ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਘਟਨਾ ਨੂੰ ਅੰਜਾਮ ਦੇਣ ਤੋਂ ਇੱਕ ਦਿਨ ਪਹਿਲਾਂ ਵੀ ਇੱਥੇ ਹੋ ਕੇ ਗਿਆ ਸੀ ਅਤੇ ਆਲੇ-ਦੁਆਲੇ ਦਾ ਜਾਇਜ਼ਾ ਲੈਣ ਤੋਂ ਬਾਅਦ ਚਲਾ ਗਿਆ ਸੀ।

ਇਸ ਤੋਂ ਬਾਅਦ ਦੂਜੇ ਦਿਨ ਉਹ ਮੁੜ ਦੇਰ ਰਾਤ ਨੂੰ ਉੱਥੇ ਆਇਆ, ਉਸ ਵੇਲੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਅਖੰਡ ਪਾਠ ਚੱਲ ਰਿਹਾ ਸੀ ਅਤੇ ਕੁਝ ਸੰਗਤ ਅੰਦਰ ਪਾਠ ਸਰਵਣ ਕਰ ਰਹੀ ਸੀ। ਫੁਟੇਜ ਵਿੱਚ ਇਹ ਵਿਅਕਤੀ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੀ ਕਈ ਵਾਰ ਉਲਟੀ ਪਰਿਕਰਮਾ ਕਰਦਾ ਹੈ ਅਤੇ ਮੁੜ ਸਿੱਧੀ ਪਰਿਕਰਮਾ ਕਰਦਾ ਦਿਖਾਈ ਦਿੰਦਾ ਹੈ। ਬਾਅਦ ਵਿੱਚ ਇਹ ਪਾਵਨ ਸਰੂਪ ਦੇ ਅੱਗੇ ਰੱਖਿਆ ਸ਼ਸਤਰ ਚੁੱਕ ਲੈਂਦਾ ਹੈ। ਇਸ ਦੌਰਾਨ ਉੱਥੇ ਬੈਠਾ ਇੱਕ ਨੌਜਵਾਨ, ਜਿਸ ਨੇ ਆਪਣਾ ਪਾਠ ਮੁਕੰਮਲ ਕਰ ਲਿਆ ਸੀ, ਉਹ ਇਸ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖ ਰਿਹਾ ਸੀ ਅਤੇ ਉਸ ਨੇ ਤੁਰੰਤ ਇਸ ਵਿਅਕਤੀ ਨੂੰ ਜੱਫੇ ਵਿੱਚ ਲੈ ਲਿਆ। ਉਸ ਵੱਲੋਂ ਰੌਲਾ-ਰੱਪਾ ਪਾਉਣ ‘ਤੇ ਤੁਰੰਤ ਹੋਰ ਕਰਮਚਾਰੀ ਵੀ ਮੌਕੇ ‘ਤੇ ਪੁੱਜ ਗਏ ਅਤੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਬਾਅਦ ਵਿੱਚ ਇਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਸੀ।

ਇਸ ਫੁਟੇਜ ਅਤੇ ਸਮੁੱਚੇ ਘਟਨਾਕ੍ਰਮ ਦੇ ਵੇਰਵਿਆਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਜਾਣਕਾਰੀ ਲਈ ਹੈ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਚੱਲ ਰਹੇ ਅਖੰਡ ਪਾਠ ਵਾਲੇ ਕਮਰਿਆਂ ਦਾ ਵੀ ਜਾਇਜ਼ਾ ਲਿਆ ਅਤੇ ਇਨ੍ਹਾਂ ਕਮਰਿਆਂ ਵਿੱਚ ਸੇਵਾ ਦੌਰਾਨ ਕਈ ਕਰਮਚਾਰੀ ਗੈਰ-ਹਾਜ਼ਰ ਪਾਏ ਗਏ, ਜਿਸ ਦਾ ਉਨ੍ਹਾਂ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਸਹਿਯੋਗ ਨਾਲ ਅਗਲੇਰੀ ਕਾਰਵਾਈ ਕੀਤੀ ਜਾਵੇਗੀ।