Italian Divers ਦੀਆਂ ਲਾਸ਼ਾਂ ਲੱਭਦਿਆਂ ਮਾਲਦੀਵ ਦੇ ਫ਼ੌਜੀ ਗੋਤਾਖ਼ੋਰ ਦੀ ਮੌਤ
ਪਾਣੀ ਦੇ ਅੰਦਰ ਇੱਕ ਡੂੰਘੀ ਗੁਫਾ ਵਿੱਚ ਫਸੇ ਚਾਰ ਇਤਾਲਵੀ ਗੋਤਾਖ਼ੋਰਾਂ ਦੀਆਂ ਲਾਸ਼ਾਂ ਦੀ ਭਾਲ ਦੌਰਾਨ ਅੱਜ ਮਾਲਦੀਵ ਦੇ ਇੱਕ ਫੌਜੀ ਗੋਤਾਖ਼ੋਰ ਦੀ ਮੌਤ ਹੋ ਗਈ। ਇਟਲੀ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਮੰਨਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਵਾਵੂ ਐਟੋਲ ਵਿੱਚ ਲਗਪਗ 50 ਮੀਟਰ ਦੀ ਡੂੰਘਾਈ ’ਤੇ ਇੱਕ ਗੁਫਾ ਦੀ ਖੋਜ ਕਰਦੇ ਸਮੇਂ ਪੰਜ ਇਤਾਲਵੀ ਗੋਤਾਖ਼ੋਰਾਂ ਦੇ ਇੱਕ ਸਮੂਹ ਦੀ ਮੌਤ ਹੋ ਗਈ ਸੀ। ਦੱਸ ਦੇਈਏ ਕਿ ਮਾਲਦੀਵ ਵਿੱਚ ਮਨੋਰੰਜਨ ਲਈ ਗੋਤਾਖ਼ੋਰੀ ਦੀ ਵੱਧ ਤੋਂ ਵੱਧ ਹੱਦ 30 ਮੀਟਰ ਹੈ।
ਮਾਲਦੀਵ ਦੇ ਰਾਸ਼ਟਰਪਤੀ ਦੇ ਤਰਜਮਾਨ ਮੁਹੰਮਦ ਹੁਸੈਨ ਸ਼ਰੀਫ਼ ਨੇ ਦੱਸਿਆ ਕਿ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਦੇ ਮੈਂਬਰ ਮੁਹੰਮਦ ਮਾਹੂਦੀ ਦੀ ਰਾਜਧਾਨੀ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ, ‘‘ਇਹ ਮੌਤ ਦਰਸਾਉਂਦੀ ਹੈ ਕਿ ਇਹ ਖੋਜ ਮੁਹਿੰਮ ਕਿੰਨੀ ਮੁਸ਼ਕਲ ਸੀ।’’ ਇਸ ਤੋਂ ਪਹਿਲਾਂ, ਸ਼ਰੀਫ਼ ਨੇ ਕਿਹਾ ਸੀ ਕਿ ਖੋਜੀਆਂ ਨੇ ਸ਼ੁੱਕਰਵਾਰ ਨੂੰ ਗੁਫਾ ਦੀ ਖੋਜ ਦੌਰਾਨ ਹੋਈ ਪ੍ਰਗਤੀ ਦੇ ਅਧਾਰ ’ਤੇ ਯੋਜਨਾ ਤਿਆਰ ਕੀਤੀ ਸੀ। ਮਾਹੂਦੀ ਉਸ ਸਮੂਹ ਦਾ ਹਿੱਸਾ ਸੀ ਜਿਸ ਨੇ ਸ਼ੁੱਕਰਵਾਰ ਨੂੰ ਖੋਜ ਸਥਾਨ ਦਾ ਦੌਰਾ ਕਰਨ ਵੇਲੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਇਸ ਬਚਾਅ ਯੋਜਨਾ ਬਾਰੇ ਜਾਣਕਾਰੀ ਦਿੱਤੀ ਸੀ। ਖਰਾਬ ਮੌਸਮ ਕਾਰਨ ਬਚਾਅ ਕਾਰਜਾਂ ਵਿੱਚ ਵਾਰ-ਵਾਰ ਅੜਿੱਕਾ ਪੈ ਰਿਹਾ ਹੈ। ਇਟਲੀ ਦੇ ਵਿਦੇਸ਼ ਮੰਤਰੀ ਅੰਤੋਨੀਓ ਤਾਜਾਨੀ ਨੇ ਕਿਹਾ ਕਿ ਪੀੜਤਾਂ ਨੂੰ ਵਾਪਸ ਘਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।