India latest news

Shivraj Chouhan ਦਾ ਐਲਾਨ; ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ 1 ਸਾਲ ਤੱਕ ਨਹੀਂ ਖਰੀਦਣਗੇ ਸੋਨਾ

Shivraj Chouhan ਦਾ ਐਲਾਨ; ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ 1 ਸਾਲ ਤੱਕ ਨਹੀਂ ਖਰੀਦਣਗੇ ਸੋਨਾ
  • PublishedMay 18, 2026

Shivraj Chouhan: ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਅਗਵਾਈ ਵਾਲੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਸਮੂਹਿਕ ਤੌਰ ‘ਤੇ ਅਗਲੇ ਇੱਕ ਸਾਲ ਲਈ ਸੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਨੇ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਗਰਿਕਾਂ ਨੂੰ ਕੀਤੀ ਉਸ ਹਾਲੀਆ ਅਪੀਲ ਦੇ ਤਹਿਤ ਕੀਤਾ ਹੈ, ਜਿਸ ਵਿੱਚ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਅਤੇ ਪੱਛਮੀ ਏਸ਼ੀਆ ਦੇ ਟਕਰਾਅ (ਯੁੱਧ) ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਗੱਲ ਕਹੀ ਗਈ ਸੀ।

ਕੇਂਦਰੀ ਮੰਤਰੀ ਨੇ ਕਿਹਾ, “ਖੇਤੀਬਾੜੀ ਤੇ ਪੇਂਡੂ ਵਿਕਾਸ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਸਮੂਹਿਕ ਤੌਰ ‘ਤੇ ਅਗਲੇ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਦੇ ਸਰਕਾਰੀ ਦੌਰੇ ਅਤੇ ਯਾਤਰਾਵਾਂ ਸੀਮਤ ਕੀਤੀਆਂ ਜਾਣਗੀਆਂ ਅਤੇ ਲੋੜ ਮੁਤਾਬਕ ਹੀ ਮਨਜ਼ੂਰੀ ਦਿੱਤੀ ਜਾਵੇਗੀ। ਕਿਸੇ ਥਾਂ ‘ਤੇ ਖ਼ੁਦ ਜਾ ਕੇ ਕੀਤੇ ਜਾਣ ਵਾਲੇ ਦੌਰੇ ਸਿਰਫ਼ ਬਹੁਤ ਜ਼ਰੂਰੀ ਕੰਮਾਂ ਲਈ ਹੋਣਗੇ, ਜਦਕਿ ਬਾਕੀ ਸਾਰੇ ਕੰਮ ਅਤੇ ਮੀਟਿੰਗਾਂ ਵੀਡੀਓ ਕਾਨਫਰੰਸਿੰਗ (ਵਰਚੁਅਲ ਮਾਧਿਅਮ) ਰਾਹੀਂ ਹੀ ਕੀਤੀਆਂ ਜਾਣਗੀਆਂ।”

ਚੌਹਾਨ ਨੇ ਕਿਹਾ ਕਿ 1 ਜੂਨ ਤੋਂ ਸ਼ੁਰੂ ਹੋ ਕੇ 15 ਦਿਨਾਂ ਤੱਕ ਦੇਸ਼ ਵਿਆਪੀ “ਖੇਤ ਬਚਾਓ ਮੁਹਿੰਮ” ਚਲਾਈ ਜਾਵੇਗੀ, ਜਿਸ ਦਾ ਉਦੇਸ਼ ਕਿਸਾਨਾਂ ਵਿੱਚ ਖਾਦਾਂ ਦੀ ਸੰਤੁਲਿਤ ਅਤੇ ਲੋੜੀਂਦੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਸੈਕਟਰ ਨਾਲ ਸਬੰਧਤ ਆਉਣ ਵਾਲੀਆਂ ਖੇਤਰੀ ਕਾਨਫਰੰਸਾਂ ਤਕਨਾਲੋਜੀ-ਅਧਾਰਤ ਪ੍ਰਭਾਵਸ਼ਾਲੀ ਸੰਚਾਰ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਵਰਚੁਅਲ ਪਲੇਟਫਾਰਮਾਂ ਰਾਹੀਂ ਆਯੋਜਿਤ ਕੀਤੀਆਂ ਜਾਣਗੀਆਂ।

ਕੇਂਦਰੀ ਮੰਤਰੀ ਨੇ ਕਿਹਾ ਕਿ 20 ਫੀਸਦੀ ਮੁਲਾਜ਼ਮਾਂ ਲਈ ਰੋਟੇਸ਼ਨ (ਵਾਰੀ-ਵਾਰੀ) ਦੇ ਅਧਾਰ ‘ਤੇ “ਵਰਕ ਫਰਾਮ ਹੋਮ” (ਘਰੋਂ ਕੰਮ ਕਰਨ) ਦੀ ਵਿਵਸਥਾ ਲਾਗੂ ਕੀਤੀ ਜਾਵੇਗੀ।

ਉਨ੍ਹਾਂ ਕਿਹਾ, “ਦਫ਼ਤਰਾਂ ਵਿੱਚ ਬਿਜਲੀ ਦੀ ਖਪਤ ਨੂੰ ਨਿਯੰਤਰਿਤ ਅਤੇ ਸੀਮਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਈਂਧਨ ਬਚਾਉਣ ਅਤੇ ਸਾਧਨਾਂ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਣ ਲਈ ਹਰ ਹਫ਼ਤੇ ਦੇ ਇੱਕ ਦਿਨ ਕਾਰਪੂਲਿੰਗ ਪ੍ਰਣਾਲੀ (ਗੱਡੀਆਂ ਸਾਂਝੀਆਂ ਕਰਨਾ) ਨੂੰ ਅਪਣਾਇਆ ਜਾਵੇਗਾ।”

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੂੰ ਡਾਇਰੈਕਟਰ ਪੱਧਰ ਤੱਕ ਵਧਾਇਆ ਜਾਵੇਗਾ, ਨਾਲ ਹੀ ਮੰਤਰਾਲੇ ਦੇ ਅੰਦਰ ਲਗਪਗ ਇੱਕ-ਤਿਹਾਈ ਵਾਹਨਾਂ ਦੀ ਵਰਤੋਂ ਵਿੱਚ ਕਮੀ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਦਾ ਉਦੇਸ਼ ਈਂਧਨ, ਵਾਹਨਾਂ ਦੀ ਦੇਖਭਾਲ, ਡਰਾਈਵਰਾਂ ਦੇ ਪ੍ਰਬੰਧਾਂ ਅਤੇ ਹੋਰ ਸਬੰਧਤ ਖਰਚਿਆਂ ਨੂੰ ਘਟਾਉਣਾ ਹੈ।