Canada latest news

Canada US Tariffs: ਕੈਨੇਡਾ ਨੇ ਅਮਰੀਕਾ ’ਤੇ ਜਵਾਬੀ ਟੈਕਸ ਲਾਏ; ਵਪਾਰਕ ਜੰਗ ਹੋਈ ਤੇਜ਼

Canada US Tariffs: ਕੈਨੇਡਾ ਨੇ ਅਮਰੀਕਾ ’ਤੇ ਜਵਾਬੀ ਟੈਕਸ ਲਾਏ; ਵਪਾਰਕ ਜੰਗ ਹੋਈ ਤੇਜ਼
  • PublishedAugust 25, 2026

Canada US Tariffs: ਅਮਰੀਕਾ ਤੇ ਕੈਨੇਡਾ ਦਰਮਿਆਨ ਟੈਕਸ ਵਾਰ ਸ਼ੁਰੂ ਹੋ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਬੀਤੇ ਦਿਨੀਂ ਕੈਨੇਡਾ ਦੀਆਂ ਕਾਰਾਂ ਤੇ ਟਰੱਕਾਂ ’ਤੇ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਅੱਜ ਕੈਨੇਡਾ ਨੇ ਮੋੜਵਾਂ ਜਵਾਬ ਦਿੱਤਾ ਹੈ। ਇਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਪਾਰਕ ਜੰਗ ਤੇਜ਼ ਹੋ ਗਈ ਹੈ।

ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵਪਾਰਕ ਜੰਗ ਦੇ ਤੇਜ਼ ਹੋਣ ਕਾਰਨ ਕੈਨੇਡਾ ਨੇ ਮੰਗਲਵਾਰ ਨੂੰ ਲਗਪਗ 20 ਅਰਬ ਡਾਲਰ ਦੇ ਅਮਰੀਕੀ ਸਾਮਾਨ, ਜਿਸ ਵਿੱਚ ਸਟੀਲ, ਡੇਅਰੀ ਉਤਪਾਦ, ਘਰੇਲੂ ਉਪਕਰਣ ਅਤੇ ਖੇਤੀਬਾੜੀ ਉਪਕਰਣ ਸ਼ਾਮਲ ਹਨ, ’ਤੇ ਜਵਾਬੀ ਟੈਕਸ ਲਾ ਕੇ ਅਮਰੀਕਾ ਨੂੰ ਕਰਾਰਾ ਜਵਾਬ ਦਿੱਤਾ ਹੈ। ਇਸ ਤਣਾਅ ਕਾਰਨ ਦੁਨੀਆ ਦੇ ਸਭ ਤੋਂ ਵੱਡੇ ਵਪਾਰਕ ਸਬੰਧਾਂ ਵਿੱਚੋਂ ਇੱਕ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਨਵੇਂ ਟੈਕਸ ਸਿਰਫ਼ ਉਦਯੋਗਿਕ ਵਸਤੂਆਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਸ ਨੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸੀਅਫੂਡ, ਪਨੀਰ, ਕੱਪੜੇ, ਕੌਸਮੈਟਿਕਸ ਅਤੇ ਟਾਇਲਟ ਪੇਪਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਨ੍ਹਾਂ ਵਿੱਚੋਂ ਕੁਝ ’ਤੇ 50 ਫ਼ੀਸਦੀ ਤੱਕ ਡਿਊਟੀ ਲਗਾਈ ਗਈ ਹੈ।

ਕੈਨੇਡਾ ਵੱਲੋਂ ਇਹ ਜਵਾਬੀ ਕਾਰਵਾਈ ਟਰੰਪ ਪ੍ਰਸ਼ਾਸਨ ਵੱਲੋਂ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਹਫ਼ਤੇ ਦੇ ਅੰਤ ਵਿੱਚ ਕੈਨੇਡਿਆਈ ਸਾਮਾਨ ‘ਤੇ 50 ਫ਼ੀਸਦੀ ਟੈਕਸ ਲਾਉਣ ਤੋਂ ਬਾਅਦ ਸਾਹਮਣੇ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਸ਼ਿੰਗਟਨ ‘ਤੇ ਕੈਨੇਡਾ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸਫ਼ਲ ਗੱਲਬਾਤ ਦੌਰਾਨ ਅਮਰੀਕਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਉਨ੍ਹਾਂ ਦੇ ਮੁੱਖ ਉਦਯੋਗਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ।

ਅਮਰੀਕੀ ਰਾਸ਼ਟਰਪਤੀ ਦੀਆਂ ਧਮਕੀਆਂ, ਟੈਕਸਾਂ ਦੀਆਂ ਦਰਾਂ ਅਤੇ ਅਸਰ

ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕੈਨੇਡਿਆਈ ਨੇਤਾਵਾਂ ਨੂੰ ਹੁਕਮ ਮੰਨਣ ਦੀ ਧਮਕੀ ਦਿੱਤੀ ਸੀ, ਨਹੀਂ ਤਾਂ ਮੌਜੂਦਾ ਟੈਕਸਾਂ ਨਾਲੋਂ ਕਈ ਗੁਣਾ ਮਾੜੇ ਨਤੀਜਿਆਂ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਸੀ। ਟਰੰਪ ਨੇ ਮੰਗਲਵਾਰ ਨੂੰ ਇੱਕ ਹੋਰ ਭੜਕਾਊ ਬਿਆਨ ਦਿੰਦਿਆਂ ਕਿਹਾ ਕਿ ਓਂਟਾਰੀਓ ਦੇ ਪ੍ਰੀਮੀਅਰ ਡੌਗ ਫੋਰਡ ਨਾਲ ਵਿਵਾਦ ਦੇ ਚਲਦਿਆਂ ਅਮਰੀਕਾ ਓਂਟਾਰੀਓ ਝੀਲ ਦਾ ਨਾਂ ਬਦਲ ਕੇ ਲੇਕ ਅਮਰੀਕਾ ਰੱਖਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਇਹ ਟੈਕਸ 8 ਸਤੰਬਰ ਤੋਂ 15 ਫ਼ੀਸਦੀ, 25 ਫ਼ੀਸਦੀ ਅਤੇ 50 ਫ਼ੀਸਦੀ ਦੀਆਂ ਦਰਾਂ ਨਾਲ ਲਾਗੂ ਹੋਣਗੇ। ਕਈ ਅਮਰੀਕੀ ਉਤਪਾਦਾਂ ‘ਤੇ ਟੈਕਸ 25 ਫ਼ੀਸਦੀ ਤੋਂ ਵਧਾ ਕੇ ਦੁੱਗਣੇ 50 ਫ਼ੀਸਦੀ ਕਰ ਦਿੱਤੇ ਜਾਣਗੇ, ਜਿਸ ਵਿੱਚ ਸਭ ਤੋਂ ਵੱਡਾ ਹਿੱਸਾ ਸਟੀਲ ਅਤੇ ਐਲੂਮੀਨੀਅਮ ਦਾ ਹੋਵੇਗਾ। ਕੈਨੇਡਿਆਈ ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਉਦੇਸ਼ ਮਾਲੀਆ ਇਕੱਠਾ ਕਰਨਾ ਨਹੀਂ ਸਗੋਂ ਕੈਨੇਡਿਆਈ ਕੰਪਨੀਆਂ ਦੀ ਰੱਖਿਆ ਕਰਨਾ ਅਤੇ ਅਮਰੀਕੀ ਦਰਾਮਦਾਂ ਨੂੰ ਘਟਾਉਣਾ ਹੈ। ਇਸ ਵਪਾਰਕ ਲੜਾਈ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਕੈਨੇਡਾ ਨੇ ਪ੍ਰਭਾਵਿਤ ਕਾਮਿਆਂ ਅਤੇ ਕਾਰੋਬਾਰਾਂ ਲਈ 7.5 ਅਰਬ ਕੈਨੇਡਿਆਈ ਡਾਲਰ (ਲਗਪਗ 5.4 ਅਰਬ ਅਮਰੀਕੀ ਡਾਲਰ) ਦੇ ਸਹਾਇਤਾ ਪੈਕੇਜ ਦਾ ਵੀ ਐਲਾਨ ਕੀਤਾ ਹੈ।