India ਨੇ Arunachal ਦੇ ਸਥਾਨਾਂ ਦੇ ਚੀਨੀ ਨਾਵਾਂ ਨੂੰ ਮੰਨਣ ਤੋਂ ਕੀਤਾ ਇਨਕਾਰ
ਭਾਰਤ ਨੇ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਦਾ ਨਾਮ ਬਦਲਣ ਦੀ ਚੀਨ ਦੀ ਕੋਸ਼ਿਸ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਅਜਿਹੇ ਦਾਅਵੇ ਅਤੇ ਮਨਘੜਤ ਬਿਰਤਾਂਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਇਸ “ਅਟੱਲ ਸੱਚਾਈ” ਨੂੰ ਨਹੀਂ ਬਦਲ ਸਕਦੀਆਂ ਕਿ ਇਹ ਖੇਤਰ ਭਾਰਤ ਦਾ ਅਟੁੱਟ ਹਿੱਸਾ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ ਜੋ ਸਬੰਧਾਂ ਵਿੱਚ ਨਕਾਰਾਤਮਕਤਾ ਪੈਦਾ ਕਰਦੀਆਂ ਹਨ ਅਤੇ ਆਪਸੀ ਸਮਝ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੀਆਂ ਹਨ।
ਨਵੀਂ ਦਿੱਲੀ ਦੀ ਇਹ ਪ੍ਰਤੀਕਿਰਿਆ ਪੇਈਚਿੰਗ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕਈ ਸਥਾਨਾਂ ਲਈ ਚੀਨੀ ਨਾਮਾਂ ਦਾ ਐਲਾਨ ਕਰਨ ਤੋਂ ਬਾਅਦ ਆਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਭਾਰਤ ਚੀਨੀ ਪੱਖ ਵੱਲੋਂ ਭਾਰਤ ਦੇ ਖੇਤਰ ਦਾ ਹਿੱਸਾ ਬਣਨ ਵਾਲੇ ਸਥਾਨਾਂ ਨੂੰ ਕਾਲਪਨਿਕ ਨਾਮ ਦੇਣ ਦੀਆਂ ਕਿਸੇ ਵੀ ਸ਼ਰਾਰਤੀ ਕੋਸ਼ਿਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਚੀਨ ਵੱਲੋਂ ਝੂਠੇ ਦਾਅਵੇ ਪੇਸ਼ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਇਸ ਹਕੀਕਤ ਨੂੰ ਨਹੀਂ ਬਦਲ ਸਕਦੀਆਂ ਕਿ ਅਰੁਣਾਚਲ ਪ੍ਰਦੇਸ਼ ਸਮੇਤ ਇਹ ਸਾਰੇ ਖੇਤਰ ਭਾਰਤ ਦਾ ਅਟੁੱਟ ਹਿੱਸਾ ਸਨ, ਹਨ ਅਤੇ ਹਮੇਸ਼ਾ ਰਹਿਣਗੇ। ਜੈਸਵਾਲ ਨੇ ਕਿਹਾ ਕਿ ਚੀਨ ਦੀਆਂ ਇਹ ਕਾਰਵਾਈਆਂ ਭਾਰਤ-ਚੀਨ ਦੁਵੱਲੇ ਸਬੰਧਾਂ ਨੂੰ ਸਥਿਰ ਅਤੇ ਆਮ ਬਣਾਉਣ ਲਈ ਜਾਰੀ ਕੋਸ਼ਿਸ਼ਾਂ ਵਿੱਚ ਰੁਕਾਵਟ ਪਾਉਂਦੀਆਂ ਹਨ।