India latest news

Hemkund Sahib Yatra: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਪਹਿਲੇ ਦਿਨ 6500 ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ

Hemkund Sahib Yatra: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਪਹਿਲੇ ਦਿਨ 6500 ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ
  • PublishedMay 23, 2026

ਉੱਤਰਾਖੰਡ ਸਥਿਤ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 2026 ਅੱਜ ਰਸਮੀ ਤੌਰ ‘ਤੇ ਖਾਲਸਾਈ ਰਵਾਇਤਾਂ ਨਾਲ ਸ਼ੁਰੂ ਹੋ ਗਈ ਹੈ। ਜਿੱਥੇ ਅੱਜ ਪਹਿਲੇ ਦਿਨ ਸੰਗਤ ਵਾਸਤੇ ਗੁਰਦੁਆਰੇ ਦੇ ਕਪਾਟ ਖੋਲ੍ਹੇ ਗਏ ਹਨ ਅਤੇ ਲਗਪਗ 6500 ਸ਼ਰਧਾਲੂਆਂ ਨੇ ਪਹਿਲੇ ਦਿਨ ਮੱਥਾ ਟੇਕਿਆ।

ਪੰਜ ਪਿਆਰਿਆਂ ਦੀ ਅਗਵਾਈ ਹੇਠ ਮੁੱਖ ਗ੍ਰੰਥੀ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਖਆਸਨ ਅਸਥਾਨ ਤੋਂ ਗੁਰਦੁਆਰੇ ਵਿੱਚ ਲਿਆਂਦਾ ਅਤੇ ਪ੍ਰਕਾਸ਼ ਕੀਤਾ ਗਿਆ। ਭਾਰਤੀ ਫ਼ੌਜ ਦੇ ਬੈਂਡ ਨੇ ਸ਼ਬਦੀ ਧੁਨਾਂ ਵਜਾਈਆਂ। ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਪਾਵਨ ਸਰੂਪ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਭਾਵੇਂ ਇੱਕ ਦਿਨ ਪਹਿਲਾਂ ਹੀ ਬਰਫ਼ ਪਈ ਹੈ, ਪਰ ਇਸ ਦੇ ਬਾਵਜੂਦ ਯਾਤਰਾ ਦੀ ਸ਼ੁਰੂਆਤ ਵੇਲੇ ਸੰਗਤ ਵਿੱਚ ਭਾਰੀ ਉਤਸ਼ਾਹ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਜਾਣ ਤੋਂ ਬਾਅਦ ਸੰਗਤ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਪਹਿਲੀ ਅਰਦਾਸ ਕੀਤੀ ਗਈ। ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ।

ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਟਰੱਸਟ ਦੇ ਸੀ ਈ ਓ (CEO) ਸੇਵਾ ਸਿੰਘ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹਰ ਸਾਲ ਬਰਫ਼ ਹਟਾਉਣ ਦੀ ਸੇਵਾ ਕਰਨ ਵਾਲੇ ਭਾਰਤੀ ਫ਼ੌਜ ਦੇ ਦਸਤੇ ਸਮੇਤ ਕਮਾਂਡੈਂਟ ਬ੍ਰਿਗੇਡੀਅਰ ਬੱਤਰਾ, ਕਰਨਲ ਵਰਿੰਦਰ ਓਲਾ, ਇੰਸਪੈਕਟਰ ਚਿੱਤਰਗੁਪਤ ਅਤੇ ਸਬ-ਇੰਸਪੈਕਟਰ ਅਮਨਦੀਪ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।

ਇਸ ਦੌਰਾਨ ਆਪਣੇ ਸੰਬੋਧਨ ਵਿੱਚ ਗੁਰਦੁਆਰਾ ਟਰੱਸਟ ਦੇ ਚੇਅਰਮੈਨ ਨੇ ਭਾਰਤੀ ਫ਼ੌਜ ਦਾ ਦਿਲੋਂ ਧੰਨਵਾਦ ਕੀਤਾ ਅਤੇ ਬਰਫ਼ ਸਾਫ਼ ਕਰਨ ਤੇ ਯਾਤਰਾ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਾਲ ਦਰ ਸਾਲ ਸੈਨਿਕਾਂ ਅਤੇ ਅਧਿਕਾਰੀਆਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸੰਗਤ ਨੂੰ ਗੁਰਦੁਆਰਾ ਕੰਪਲੈਕਸ ਦੇ ਅੰਦਰ ਫੋਟੋਆਂ ਖਿੱਚਣ ਅਤੇ ਵੀਡੀਓਗ੍ਰਾਫੀ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਸੰਗਤ ਨੂੰ ਸ਼ਰਧਾ ਦੇ ਨਾਲ ਯਾਤਰਾ ਵਿੱਚ ਸ਼ਾਮਿਲ ਹੋਣ ਅਤੇ ਗੁਰੂ ਘਰ ਵਿੱਚ ਨਤਮਸਤਕ ਹੋਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਰਿਸ਼ੀਕੇਸ਼ ਤੋਂ ਗੁਰਦੁਆਰਾ ਗੋਬਿੰਦ ਘਾਟ ਦੇ ਰਸਤੇ ਵਿੱਚ ਰਤੂੜਾ ਵਿਖੇ ਬਣਾਈ ਗਈ ਨਵੀਂ ਸਰਾਂ ਵਿੱਚ ਵੀ ਠਹਿਰਾਅ ਅਤੇ ਲੰਗਰ ਦੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਗਤ ਰਸਤੇ ਵਿੱਚ ਇਸ ਅਸਥਾਨ ’ਤੇ ਵੀ ਠਹਿਰਾਅ ਕਰ ਸਕਦੀ ਹੈ, ਜਿਸ ਨਾਲ ਗੁਰਦੁਆਰਾ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਵਿੱਚ ਸੰਗਤ ਦੀ ਵੱਡੀ ਆਮਦ ਨੂੰ ਪ੍ਰਬੰਧ ਕਰਨ ਵਿੱਚ ਮਦਦ ਮਿਲੇਗੀ।

ਇਸ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਗੋਬਿੰਦ ਧਾਮ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦਾ ਜੱਥਾ ਛੇ ਕਿਲੋਮੀਟਰ ਦੂਰ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ। ਸਿੱਖ ਸ਼ਰਧਾਲੂਆਂ ਦਾ ਇਹ ਪਹਿਲਾ ਜੱਥਾ 20 ਮਈ ਨੂੰ ਰਿਸ਼ੀਕੇਸ਼ ਸਥਿਤ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਸੀ, ਜਿਸ ਨੂੰ ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਖਾਲਸਾਈ ਰਵਾਇਤਾਂ ਨਾਲ ਰਵਾਨਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰਾਖੰਡ ਵਿਖੇ ਚਾਰ ਧਾਮ ਯਾਤਰਾ,  ਜਿਸ ਵਿੱਚ ਬਦਰੀਨਾਥ, ਕੇਦਾਰਨਾਥ, ਯਮਨੋਤਰੀ ਅਤੇ ਗੰਗੋਤਰੀ ਮੰਦਰਾਂ ਦੀ ਯਾਤਰਾ ਸ਼ਾਮਿਲ ਹੈ, ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।