Bunty Romana: ਕੈਨੇਡਾ ਪਹੁੰਚਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਲੱਗਾ ਵੱਡਾ ਝਟਕਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕੈਨੇਡਾ ਦੇ ਵੈਂਨਕੂਵਰ ਪਹੁੰਚਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਕੈਨੇਡਾ ਵਿੱਚ ਦਾਖਲੇ ਦੀ ਅਰਜ਼ੀ ਵਾਪਸ ਲਈ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਰੋਕਿਆ ਸੀ ਅਤੇ ਸਿਆਸੀ ਗਤੀਵਿਧੀਆਂ ਵਿੱਚ ਹਿੱਸਾ ਨਾ ਲੈਣ ਬਾਰੇ ਲਿਖਤੀ ਭਰੋਸਾ ਮੰਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ।
ਘੜੀ-ਘੜਾਈ ਸ਼ਿਕਾਇਤ ਦਾ ਲਗਾਇਆ ਇਲਜ਼ਾਮ
ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਰੋਮਾਣਾ ਨੇ ਦਾਅਵਾ ਕੀਤਾ ਕਿ ਉਨ੍ਹਾਂ “ਖ਼ਿਲਾਫ਼ ਕੈਨੇਡਾ ਦੇ ਅਧਿਕਾਰੀਆਂ ਨੂੰ ਮਨੀਲਾ ਤੋਂ ਇੱਕ ਘੜੀ-ਘੜਾਈ ਸ਼ਿਕਾਇਤ ਭੇਜੀ ਗਈ ਸੀ, ਜਿਸ ਦਾ ਮਕਸਦ ਉਨ੍ਹਾਂ ਨੂੰ ਕੈਨੇਡਾ ਦਾਖਲ ਹੋਣ ਤੋਂ ਰੋਕਣਾ ਸੀ। ਉਹ ਅਦਾਲਤ ਤੋਂ ਵਿਦੇਸ਼ ਜਾਣ ਦੀ ਪ੍ਰਵਾਨਗੀ ਲੈ ਕੇ ਗਏ ਸਨ, ਫਿਰ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।”
ਬੰਟੀ ਰੋਮਾਣਾ ਦੇ ਅਨੁਸਾਰ, ਸ਼ਿਕਾਇਤ ਵਿੱਚ ਭਾਰਤ ਵਿੱਚ ਉਨ੍ਹਾਂ ਦੇ ਖ਼ਿਲਾਫ਼ ਦਰਜ ਕੀਤੇ ਗਏ ਕੁਝ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੀ ਘੇਰਾਬੰਦੀ ਅਤੇ ਨਗਰ ਕੌਂਸਲ ਚੋਣਾਂ ਨਾਲ ਸਬੰਧਤ ਹਨ। ਸ਼ਿਕਾਇਤ ਵਿੱਚ ਇਨ੍ਹਾਂ ਕੇਸਾਂ ਦੀ ਅਦਾਲਤੀ ਸਥਿਤੀ ਦਾ ਹਵਾਲਾ ਵੀ ਦਿੱਤਾ ਗਿਆ ਹੈ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਉਹ ਸਿਆਸੀ ਉਦੇਸ਼ਾਂ ਲਈ ਕੈਨੇਡਾ ਆਏ ਸਨ। ਉਨ੍ਹਾਂ ਕਿਹਾ ਕਿ ਜ਼ਿਕਰ ਕੀਤੇ ਗਏ ਸਾਰੇ ਮਾਮਲੇ ਲੋਕਤੰਤਰੀ ਢੰਗ ਨਾਲ ਕੀਤੇ ਗਏ ਸਿਆਸੀ ਧਰਨਿਆਂ ਅਤੇ ਅੰਦੋਲਨਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਕੋਈ ਵੀ ਕੇਸ ਅਪਰਾਧਿਕ ਕਿਸਮ ਦਾ ਨਹੀਂ ਹੈ। ਇਸ ਦੇ ਬਾਵਜੂਦ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਕੈਨੇਡਾ ਫੇਰੀ ਸਿਆਸੀ ਸਰਗਰਮੀਆਂ ਨਾਲ ਸਬੰਧਤ ਸੀ, ਜਿਸ ਦੀ ਉਥੋਂ ਦੇ ਨਿਯਮਾਂ ਅਨੁਸਾਰ ਮਨਾਹੀ ਹੈ।
ਇਸ ਪੂਰੇ ਮਾਮਲੇ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਬੰਟੀ ਰੋਮਾਣਾ ਨੇ ਦੋਸ਼ ਲਾਇਆ ਕਿ ਉਸ ਵਿਰੁੱਧ ਇਹ ਸ਼ਿਕਾਇਤ ਮਨੀਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਹੈ, ਜੋ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਭਾਈਚਾਰੇ ਵੱਲੋਂ ਮਿਲ ਰਹੇ ਸਮਰਥਨ ਤੋਂ ਸਰਕਾਰ ਬੇਚੈਨ ਹੈ ਅਤੇ ਇਸੇ ਕਾਰਨ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੰਟੀ ਰੋਮਾਣਾ ਨੇ ਚੇਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਦਮਨਕਾਰੀ ਰਵੱਈਆ ਬਹੁਤਾ ਚਿਰ ਨਹੀਂ ਚੱਲੇਗਾ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਇਸ ਦਾ ਜਵਾਬ ਜ਼ਰੂਰ ਦੇਵੇਗੀ।