Akal Takht Sahib ਵੱਲੋਂ ਭਾਨੂਸ਼ਲੀ ਸਟੂਡੀਓ ਦੀ ਹਰੀ ਸਿੰਘ ਨਲਵਾ ’ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ
ਸਿੱਖ ਯੋਧੇ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫ਼ਿਲਮ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਸਬੰਧੀ ਪੁੱਜੀ ਮੰਗ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਪ੍ਰਵਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ 28 ਦਸੰਬਰ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪੁਰਾਤਨ ਸਿੱਖ ਯੋਧਿਆਂ ਉੱਤੇ ਫ਼ਿਲਮਾਂ/ਐਨੀਮੇਸ਼ਨ ਫ਼ਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵੀਡੀਓ ਨਹੀਂ ਬਣਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਹਰੀ ਸਿੰਘ ਨਲਵਾ ਵੀ ਪੁਰਾਤਨ ਸਿੱਖ ਯੋਧਿਆਂ ਦੀ ਸ੍ਰੇਣੀ ਵਿੱਚ ਆਉਂਦੇ ਹਨ, ਇਸ ਲਈ ਉਨ੍ਹਾਂ ਦੇ ਜੀਵਨ ਉੱਤੇ ਫ਼ਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੰਬਈ ਅਧਾਰਤ ਭਾਨੂਸ਼ਲੀ ਸਟੂਡੀਓ ਲਿਮੀਟਡ ਦੇ ਕੋ-ਪ੍ਰੋਡਿਊਸਰ ਭਾਵੇਸ਼ ਭਾਨੂੰਸ਼ਲੀ ਨੇ ਜਥੇਦਾਰ ਗੜਗੱਜ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਫ਼ਿਲਮ ਨਿਰਮਾਤਾ ਕੰਪਨੀ ਮਹਾਨ ਸਿੱਖ ਯੋਧੇ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫ਼ਿਲਮ ਬਣਾਉਣਾ ਚਾਹੁੰਦੀ ਹੈ ਅਤੇ ਇਸ ਲਈ ਉਹ ਉਨ੍ਹਾਂ ਨਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਵਿਚਾਰ ਕਰਨਾ ਚਾਹੁੰਦੇ ਹਨ।