Patiala Railway Track Blast: ਸ਼ੰਭੂ ਰੇਲਵੇ ਬੰਬ ਧਮਾਕੇ ’ਚ ’ਚ ਸ਼ਾਮਲ ਬਾਬਾ ਬੇਅੰਤ ਗ੍ਰਿਫ਼ਤਾਰ
Patiala Railway Track Blast: ਪਟਿਆਲਾ ਪੁਲੀਸ ਨੇ ਸ਼ੰਭੂ ਵਿਖੇ ਰੇਲਵੇ ਬੰਬ ਧਮਾਕੇ ਦੀ ਘਟਨਾ ’ਚ ਸ਼ਾਮਲ ਰਹੇ ਮ੍ਰਿਤਕ ਜਗਰੂਪ ਜੂਪਾ ਦੇ ਸਾਥੀ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਧਮਾਕੇ ਦੌਰਾਨ ਜਦੋਂ ਜਗਰੂਪ ਦੀ ਮੌਤ ਹੋ ਗਈ ਸੀ ਤਾਂ ਬਾਬਾ ਬੇਅੰਤ ਵੀ ਨਾਲ ਸੀ ਪਰ ਉਹ ਥੋੜ੍ਹਾ ਦੂਰ ਹੋਣ ਕਰਕੇ ਮੌਤ ਦੇ ਮੂੰਹ ਵਿਚੋਂ ਬਚ ਗਿਆ ਸੀ। ਜਿਸ ਮਗਰੋਂ ਉਹ ਫਰਾਰ ਹੋ ਗਿਆ ਸੀ।
ਅੱਜ ਪਟਿਆਲਾ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਖੁਲਾਸਾ ਅੱਜ ਇੱਥੇ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਕੀਤਾ। ਮੁਢਲੀ ਪੁੱਛਗਿੱਛ ’ਚ ਉਹ ਮੰਨਿਆ ਹੈ ਕਿ ਇਸ ਤੋਂ ਪਹਿਲਾਂ ਸੀਆਈਏ ਮੋਗਾ ਅਤੇ ਸਰਹਿੰਦ ਰੇਲਵੇ ਟਰੈਕ ’ਤੇ ਵੀ ਉਸ ਨੇ ਹੀ ਬੰਬ ਧਮਾਕੇ ਕੀਤੇ ਸਨ।
ਜ਼ਿਕਰਯੋਗ ਹੈ ਬੀਤੇ ਸੋਮਵਾਰ ਦੀ ਰਾਤ ਕਰੀਬ 10 ਵਜੇ ਸ਼ੰਭੂ ਰੇਲ ਲਾਈਨ ’ਤੇ ਬੰਬ ਧਮਾਕਾ ਹੋਇਆ ਸੀ ਜਿਸ ਦੌਰਾਨ ਘਟਨਾ ਨੂੰ ਅੰਜਾਮ ਦੇ ਰਹੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਇਹ ਛੇਵੀਂ ਗ੍ਰਿਫਤਾਰੀ ਹੈ ਕਿਉਂਕਿ ਪਟਿਆਲਾ ਪੁਲੀਸ ਜਗਰੂਪ ਦੇ ਭਰਾ ਸਤਨਾਮ ਸਿੰਘ ਸੱਤਾ ਸਮੇਤ ਪੰਜ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਘਟਨਾ ਤੋਂ ਬਾਅਦ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸ਼ੰਭੂ ਨੇੜੇ ਰੇਲਵੇ ਟਰੈਕ ’ਤੇ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਜਥੇਬੰਦੀ ਦੇ ਮੁਖੀ ਵਜੋਂ ਜਥੇਦਾਰ ਰਣਜੀਤ ਸਿੰਘ ਨੀਟਾ (ਜੰਮੂ) ਨੇ ਆਪਣੀ ਅਤੇ ਧਮਾਕੇ ਦੌਰਾਨ ਫ਼ੌਤ ਹੋਏ ਜਗਰੂਪ ਸਿੰਘ ਪੰਜਵੜ ਦੀ ਫੋਟੋ ਨਾਲ ਆਡੀਓ ਕਲਿੱਪ ਜਾਰੀ ਕੀਤੀ ਹੈ। ਕਲਿੱਪ ’ਚ ਜਗਰੂਪ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਬੁਲਾਰੇ ਨੇ ਦਾਅਵਾ ਕੀਤਾ ਸੀ ਕਿ ਸਾਥੀ ਦੀ ਮੌਤ ਦਾ ਬਦਲਾ ਜ਼ਰੂਰ ਲਿਆ ਜਾਵੇਗਾ। ਪੌਣੇ ਚਾਰ ਮਿੰਟ ਦੀ ਇਸ ਕਲਿੱਪ ਵਿੱਚ ਬੁਲਾਰੇ ਨੇ ਅਗਲੇ 10 ਦਿਨਾਂ ਵਿੱਚ ਦੇਸ਼ ਭਰ ਵਿੱਚ ਵੱਖ-ਵੱਖ ਰੇਲਾਂ ’ਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ । ਬੁਲਾਰੇ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਟਰੇਨ ਵਿੱਚ ਤੇ ਸੀ ਆਈ ਏ ਮੋਗਾ ਵਿੱਚ ਹੋਈ ਵਾਰਦਾਤ ਨੂੰ ਜਗਰੂਪ ਸਿੰਘ ਨੇ ਅੰਜਾਮ ਦਿੱਤਾ ਸੀ।