ਪੰਜ ਦਹਾਕਿਆਂ ਬਾਅਦ ਵਿਸ਼ਵ ਕੱਪ ਵਿੱਚ ਤਗ਼ਮਾ ਜਿੱਤਣ ਦੇ ਇਰਾਦੇ ਨਾਲ ਉਤਰੀ ਭਾਰਤੀ ਪੁਰਸ਼ ਹਾਕੀ ਟੀਮ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਪੂਲ ਡੀ ਦੇ ਪਹਿਲੇ ਮੈਚ ਵਿੱਚ ਸ਼ਨਿੱਚਰਵਾਰ ਨੂੰ ਵੇਲਜ਼ ਨੂੰ 3-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਕਰੀਬ ਦੱਸ ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਵੇਗਨਰ ਸਟੇਡੀਅਮ ਵਿੱਚ ਭਾਰਤ ਲਈ ‘ਪਲੇਅਰ ਆਫ਼ ਦਾ ਮੈਚ’ ਹਰਮਨਪ੍ਰੀਤ ਨੇ 11ਵੇਂ ਅਤੇ 43ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਸੰਜੇ ਨੇ ਅੱਠਵੇਂ ਮਿੰਟ ਵਿੱਚ ਗੋਲ ਕੀਤਾ।
ਆਖ਼ਰੀ ਮਿੰਟਾਂ ਵਿੱਚ ਵੇਲਜ਼ ਨੇ ਫ਼ਰਕ ਘਟਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਅਤੇ 54ਵੇਂ ਮਿੰਟ ਵਿੱਚ ਉਸ ਨੂੰ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਫਰਲੋਂਗ ਦੇ ਦਮਦਾਰ ਸ਼ਾਟ ਨੂੰ ਭਾਰਤੀ ਗੋਲਕੀਪਰ ਮੋਹਿਤ ਐੱਚ ਐੱਸ ਨੇ ਰੋਕ ਲਿਆ।
ਚੰਗੀ ਜਿੱਤ ਨਾਲ ਸ਼ੁਰੂਆਤ ਕਰਨਾ ਮਹੱਤਵਪੂਰਨ ਸੀ: ਹਰਮਨਪ੍ਰੀਤ
ਉੱਥੇ ਹੀ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਪ੍ਰਦਰਸ਼ਨ ‘ਤੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਪਹਿਲੇ ਮੈਚ ਵਿੱਚ ਚੰਗੇ ਫ਼ਰਕ ਨਾਲ ਜਿੱਤ ਦਰਜ ਕਰਕੇ ਪੂਰੇ ਤਿੰਨ ਅੰਕ ਹਾਸਲ ਕਰਨਾ ਮਹੱਤਵਪੂਰਨ ਸੀ।
ਹਰਮਨਪ੍ਰੀਤ ਨੇ ਕਿਹਾ, ”ਅਸੀਂ ਬਹੁਤ ਚੰਗਾ ਖੇਡੇ। ਸਾਡਾ ਟੀਚਾ ਇਹ ਸੀ ਕਿ ਮੈਚ ਦਰ ਮੈਚ ਮੌਕੇ ਬਣਾਉਣੇ ਹਨ ਅਤੇ ਗੋਲ ਕਰਨੇ ਹਨ। ਮੈਨ ਆਫ਼ ਦਾ ਮੈਚ ਜਾਂ ਕੌਣ ਗੋਲ ਕਰ ਰਿਹਾ ਹੈ, ਇਹ ਮਹੱਤਵਪੂਰਨ ਨਹੀਂ ਹੈ। ਬੱਸ ਗੋਲ ਹੋਣ ਚਾਹੀਦੇ ਹਨ। ਅਸੀਂ ਉਸੇ ਮਾਨਸਿਕਤਾ ਨਾਲ ਖੇਡੇ ਸਨ।”
ਉਨ੍ਹਾਂ ਨੇ ਜਿੱਤ ਨਾਲ ਸ਼ੁਰੂਆਤ ਨੂੰ ਅਹਿਮ ਦੱਸਦਿਆਂ ਕਿਹਾ, ”ਪਹਿਲੇ ਮੈਚ ਵਿੱਚ ਜਿੱਤ ਦਾ ਫ਼ਰਕ ਚੰਗਾ ਰੱਖਣਾ ਸੀ। ਅਸੀਂ 3-1 ਨਾਲ ਜਿੱਤੇ ਅਤੇ ਤਿੰਨ ਅੰਕ ਲਏ ਜੋ ਚੰਗਾ ਨਤੀਜਾ ਹੈ।”