India latest news

Independence Day 2026: ਦੇਸ਼ ਨੂੰ ਦਿਮਾਗੀ ਨਕਸਲੀਆਂ ਤੋਂ ਬਚਾਉਣ ਦੀ ਲੋੜ; ਮਹਿਲਾ ਰਾਖਵਾਂਕਰਨ ’ਤੇ ਸਿਆਸਤ ਨਾ ਕਰਨ ਪਾਰਟੀਆਂ: PM Modi

Independence Day 2026: ਦੇਸ਼ ਨੂੰ ਦਿਮਾਗੀ ਨਕਸਲੀਆਂ ਤੋਂ ਬਚਾਉਣ ਦੀ ਲੋੜ; ਮਹਿਲਾ ਰਾਖਵਾਂਕਰਨ ’ਤੇ ਸਿਆਸਤ ਨਾ ਕਰਨ ਪਾਰਟੀਆਂ: PM Modi
  • PublishedAugust 15, 2026

PM Modi Naxal Remark: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ 76 ਮਿੰਟ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਥਿਆਰਬੰਦ ਨਕਸਲੀ ਤਾਂ ਚਲੇ ਗਏ ਹਨ ਪਰ ਹੁਣ ‘ਦਿਮਾਗੀ ਨਕਸਲੀ’ ਮੌਕੇ ਦੀ ਤਲਾਸ਼ ਵਿੱਚ ਹਨ ਅਤੇ ਸਮਾਜ ਨੂੰ ਗਲਤ ਰਾਹ ‘ਤੇ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ। ਅਜਿਹੇ ਲੋਕ ਹਿੰਸਾ ਦੇ ਰਾਹ ਲੱਭ ਰਹੇ ਹਨ, ਇਸ ਲਈ ਸਾਨੂੰ ਇਨ੍ਹਾਂ ਦਿਮਾਗੀ ਨਕਸਲੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਵੱਖ ਕਰਨਾ ਪਵੇਗਾ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਕੰਮ ਨਾਲ ਜੋੜਨਾ ਹੋਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਮੁੱਦੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਆਉਣ ਵਾਲੇ ਇੱਕ ਸਾਲ ਵਿੱਚ 1 ਕਰੋੜ ਨੌਜਵਾਨਾਂ ਨੂੰ ਏ.ਆਈ. (AI – Artificial Intelligence) ਹੁਨਰ ਦੀ ਸਿਖਲਾਈ ਦੇਵੇਗੀ। ਇਸ ਤੋਂ ਇਲਾਵਾ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਨੌਜਵਾਨਾਂ ਲਈ ਕਈ ਮੁਕਾਬਲਾ ਪ੍ਰੀਖਿਆਵਾਂ ਦੀ ਮੁਫ਼ਤ ਆਨਲਾਈਨ ਕੋਚਿੰਗ ਵੀ ਮੁਹੱਈਆ ਕਰਵਾਈ ਜਾਵੇਗੀ।

ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ’ਤੇ 21 ਤੋਪਾਂ ਦੀ ਸਲਾਮੀ: ਦੇਸ਼ ਵਿਚ ਅੱਜ 80ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਹਨ। ਇਸ ਖਾਸ ਮੌਕੇ ‘ਤੇ ਇਤਿਹਾਸ ਵਿੱਚ ਪਹਿਲੀ ਵਾਰ ਲਾਲ ਕਿਲ੍ਹੇ ’ਤੇ ‘ਵੰਦੇ ਮਾਤਰਮ’ ਗਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13ਵੀਂ ਵਾਰ ਤਿਰੰਗਾ ਝੰਡਾ ਲਹਿਰਾਇਆ। ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਪ੍ਰਧਾਨ ਮੰਤਰੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੇਸ਼ ਦੇ ਨਾਂ ਸੰਬੋਧਨ ਕਰ ਰਹੇ ਹਨ।

ਆਜ਼ਾਦੀ ਦਿਹਾੜੇ ਦੇ ਇਸ ਸਮਾਗਮ ਨੂੰ ਹੋਰ ਵੀ ਖਾਸ ਬਣਾਉਣ ਲਈ 2,500 ਐਨ.ਸੀ.ਸੀ. ਕੈਡਿਟਾਂ ਅਤੇ ‘ਮਾਈ ਭਾਰਤ’ ਵਾਲੰਟੀਅਰਾਂ ਨੇ ਗਿਆਨਪਥ ‘ਤੇ ‘ਵੰਦੇ ਮਾਤਰਮ’ ਦੀ ਵਿਸ਼ੇਸ਼ ਆਕ੍ਰਿਤੀ ਤਿਆਰ ਕੀਤੀ। ਇਸ ਪੂਰੇ ਸਮਾਗਮ ਅਤੇ  ਆਲੇ-ਦੁਆਲੇ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖਣ ਲਈ 1,000 ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ 5,000 ਵਿਸ਼ੇਸ਼ ਮਹਿਮਾਨ ਪਹੁੰਚੇ ਹੋਏ ਹਨ।