Thailand School Shooting: ਹਥਿਆਰਬੰਦ ਵਿਦਿਆਰਥੀ ਨੇ ਸਕੂਲ ਅਤੇ ਘਰ ਵਿੱਚ ਕੀਤੀ ਗੋਲੀਬਾਰੀ; ਸੱਤ ਲੋਕਾਂ ਦੀ ਮੌਤ
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਬਾਹਰੀ ਇਲਾਕੇ ਵਿੱਚ ਸਥਿਤ ਹਾਈ ਸਕੂਲ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵਿਦਿਆਰਥੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਪਹੁੰਚਣ ਤੋਂ ਪਹਿਲਾਂ ਵਿਦਿਆਰਥੀ ਨੇ ਆਪਣੇ ਦਾਦਾ-ਦਾਦੀ ਦੀ ਵੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਖ਼ੁਦਕੁਸ਼ੀ ਕਰ ਲਈ।
ਘਟਨਾ ਸਥਾਨ ‘ਤੇ ਮੌਜੂਦ ਉਪ ਗ੍ਰਹਿ ਮੰਤਰੀ ਪੋਲਾਪੀ ਸੁਵੰਚਵੀ ਨੇ ਕਿਹਾ ਕਿ ਸਵੇਰੇ ਕਰੀਬ 10 ਵਜੇ ਬੈਂਕਾਕ ਦੇ ਉੱਤਰ-ਪੱਛਮ ਵਿੱਚ ਨੋਂਥਾਬੁਰੀ ਸੂਬੇ ਸਥਿਤ ‘ਦੇਬਸੀਰਿਨ ਨੋਂਥਾਬੁਰੀ ਸਕੂਲ’ ਵਿੱਚ ਗੋਲੀਬਾਰੀ ਦੌਰਾਨ ਅਧਿਆਪਕ ਅਤੇ ਪ੍ਰਸ਼ਾਸਕੀ ਅਧਿਕਾਰੀ ਸਮੇਤ ਸਕੂਲ ਦੇ ਪੰਜ ਕਰਮਚਾਰੀਆਂ ਦੀ ਮੌਤ ਹੋ ਗਈ।
ਸੁਵੰਚਵੀ ਨੇ ਦੱਸਿਆ ਕਿ ਸਕੂਲ ਵਿੱਚ ਗੋਲੀਬਾਰੀ ਕਰਨ ਤੋਂ ਪਹਿਲਾਂ ਹਮਲਾਵਰ ਨੇ ਆਪਣੇ ਘਰ ਵਿੱਚ ਦਾਦਾ-ਦਾਦੀ ਦੀ ਵੀ ਹੱਤਿਆ ਕਰ ਦਿੱਤੀ ਸੀ।
ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਾਕੁਲ ਨੇ ਸਕੂਲ ਦਾ ਦੌਰਾ ਕਰਨ ਤੋਂ ਬਾਅਦ ਪੁਸ਼ਟੀ ਕੀਤੀ ਕਿ ਹਮਲਾਵਰ 14 ਸਾਲਾ ਵਿਦਿਆਰਥੀ ਸੀ ਅਤੇ ਉਸ ਨੇ ਬਾਅਦ ਵਿੱਚ ਆਤਮ-ਹੱਤਿਆ ਕਰ ਲਈ। ਉਨ੍ਹਾਂ ਕਿਹਾ ਕਿ ਆਪਣੇ ਦਾਦਾ-ਦਾਦੀ ਨਾਲ ਰਹਿਣ ਵਾਲੇ ਇਸ ਵਿਦਿਆਰਥੀ ਵਿੱਚ ਸਕੂਲ ਨਾਲ ਜੁੜੇ ਤਣਾਅ ਦੇ ਸੰਕੇਤ ਦਿਖਾਈ ਦੇ ਰਹੇ ਸਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਵਿਦਿਆਰਥੀ ਦੇ ਦਾਦਾ ਦੇ ਨਾਂ ‘ਤੇ ਰਜਿਸਟਰ ਸੀ।
ਘਟਨਾ ਦੇ ਲਗਪਗ ਇੱਕ ਘੰਟੇ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਲੋਕ ਸਕੂਲ ਦੇ ਬਾਹਰ ਇੱਕ-ਦੂਜੇ ਨੂੰ ਹੌਸਲਾ ਦਿੰਦੇ ਦਿਖਾਈ ਦਿੱਤੇ, ਜਦੋਂ ਕਿ ਪੁਲੀਸ ਅਤੇ ਬਚਾਅ ਟੀਮ ਸਕੂਲ ਦੇ ਅੰਦਰ ਸਥਿਤੀ ਦਾ ਜਾਇਜ਼ਾ ਲੈ ਰਹੀ ਸੀ।
ਇਸ ਸਕੂਲ ਵਿੱਚ 12 ਤੋਂ 18 ਸਾਲ ਦੀ ਉਮਰ ਵਰਗ ਦੇ ਲਗਪਗ 3,000 ਵਿਦਿਆਰਥੀ ਪੜ੍ਹਦੇ ਹਨ।
ਇੱਕ ਪ੍ਰਤੱਖਦਰਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਦੂਜੀ ਇਮਾਰਤ ਤੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਤਾਂ ਵਿਦਿਆਰਥੀ ਇੱਕ ਕਲਾਸਰੂਮ ਦੇ ਅੰਦਰ ਲੁਕ ਗਏ। ਬਾਅਦ ਵਿੱਚ ਪੁਲੀਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ।
ਸਕੂਲ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਸਥਿਤ ਬੁੰਗਆਈ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ 23 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ। ਬਹੁਤੇ ਲੋਕ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਹਨ।
ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲੀਸ ਹਮਲਾਵਰ ਦੇ ਦਾਦਾ-ਦਾਦੀ ਦੇ ਘਰ ਪਹੁੰਚੀ, ਪਰ ਦਰਵਾਜ਼ਾ ਬੰਦ ਸੀ ਅਤੇ ਆਵਾਜ਼ ਦੇਣ ‘ਤੇ ਵੀ ਕੋਈ ਜਵਾਬ ਨਹੀਂ ਮਿਲਿਆ। ਪੁਲੀਸ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਈ।
ਪੁਲੀਸ ਮੁਤਾਬਕ ਘਰ ਦੇ ਅੰਦਰ ਦਾਦਾ ਅਤੇ ਦਾਦੀ ਦੋਵੇਂ ਮ੍ਰਿਤਕ ਮਿਲੇ। ਮੁੱਢਲੀ ਜਾਂਚ ਵਿੱਚ ਉਨ੍ਹਾਂ ਦੇ ਸਰੀਰ ‘ਤੇ ਗੋਲੀ ਲੱਗਣ ਦੇ ਨਿਸ਼ਾਨ ਮਿਲੇ ਹਨ।