latest news Punjab

Jagtar Singh Hawara Parole: ਮੁੱਖ ਮੰਤਰੀ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼

Jagtar Singh Hawara Parole: ਮੁੱਖ ਮੰਤਰੀ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼
  • PublishedAugust 8, 2026

Jagtar Singh Hawara Parole: ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ’ਚ ਬੰਦ ਜਗਤਾਰ ਸਿੰਘ ਹਵਾਰਾ ਸਿੰਘ ਨੂੰ ਮਾਨਵੀ ਅਧਾਰ ’ਤੇ ਦਸ ਦਿਨ ਦੀ ਪੈਰੋਲ ਦੀ ਸਿਫ਼ਾਰਸ਼ ਕੀਤੀ ਹੈ। ਪੈਰੋਲ ਬਾਰੇ ਆਖ਼ਰੀ ਫ਼ੈਸਲਾ ਹੁਣ ਪੰਜਾਬ ਦੇ ਰਾਜਪਾਲ ਨੇ ਲੈਣਾ ਹੈ। ਜਗਤਾਰ ਸਿੰਘ ਹਵਾਰਾ ਕਰੀਬ 29 ਸਾਲ ਤੋਂ ਜੇਲ੍ਹ ’ਚ ਬੰਦ ਹੈ ਅਤੇ ਪਹਿਲੀ ਵਾਰ ਹੈ ਕਿ ਉਨ੍ਹਾਂ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਦੀ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ ਹਵਾਰਾ ਨੂੰ ਜਲਦ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਹੈ।

ਹਵਾਰਾ ਵੱਲੋਂ ਚਾਰ ਹਫ਼ਤੇ ਦੀ ਪੈਰੋਲ ਦੀ ਮੰਗ

ਮੁੱਖ ਮੰਤਰੀ ਵੱਲੋਂ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਦੀ ਉਮਰ ਵਧੇਰੇ ਹੋਣ ਕਰਕੇ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਜਗਤਾਰ ਸਿੰਘ ਹਵਾਰਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਵੀ ਇਸ ਬਾਬਤ ਪਟੀਸ਼ਨ ਦਾਇਰ ਕੀਤੀ ਹੋਈ ਹੈ ਜਿਸ ’ਚ ਉਨ੍ਹਾਂ ਨੇ ਚਾਰ ਹਫ਼ਤੇ ਦੀ ਪੈਰੋਲ ਦੀ ਮੰਗ ਕੀਤੀ ਹੈ। ਪੰਥਕ ਧਿਰਾਂ ਵੱਲੋਂ ਕਾਫ਼ੀ ਲੰਮੇ ਸਮੇਂ ਤੋਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਉਚੇਚੇ ਤੌਰ ’ਤੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਵੀ ਕੀਤੀ ਸੀ। ਦੱਸਣਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ’ਚ ਦੋਸ਼ੀ ਠਹਿਰਾਇਆ ਗਿਆ ਸੀ। ਟਰਾਇਲ ਕੋਰਟ ਨੇ 2007 ’ਚ ਹਵਾਰਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਪ੍ਰੰਤੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਕਤੂਬਰ 2010 ’ਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ’ਚ ਵੀ ਹਵਾਰਾ ਨੂੰ ਪੈਰੋਲ ਦਿੱਤੇ ਜਾਣ ਦਾ ਮੁੱਦਾ ਉੱਠਿਆ ਸੀ।