latest news Punjab

Pharmacy Exam Scam: ਨਕਲ ਮਰਵਾਉਣ ਵਾਲੇ ਗਰੋਹ ਦੇ 10 ਮੈਂਬਰ ਗ੍ਰਿਫਤਾਰ

Pharmacy Exam Scam: ਨਕਲ ਮਰਵਾਉਣ ਵਾਲੇ ਗਰੋਹ ਦੇ 10 ਮੈਂਬਰ ਗ੍ਰਿਫਤਾਰ
  • PublishedJuly 28, 2026

Faridkot Exam Scam: ਇੱਥੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਏ ਗਏ ਫਾਰਮੇਸੀ ਅਫਸਰ ਦੇ ਇਮਤਿਹਾਨ ਵਿੱਚ ਕਥਿਤ ਤੌਰ ’ਤੇ ਡਿਜੀਟਲ ਤਰੀਕੇ ਨਾਲ ਨਕਲ ਕਰਵਾਉਣ ਵਾਲੇ ਅੰਤਰਰਾਜੀ ਗਰੋਹ ਦੇ 10 ਮੈਂਬਰਾਂ ਨੂੰ ਫਰੀਦਕੋਟ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੁਲੀਸ ਨੇ ਬਲਵੰਤ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਮਨਜੀਤ ਸਿੰਘ, ਸੁਨੀਲ ਕੁਮਾਰ, ਅਬੀ ਅੰਤ ਸਿੰਘ, ਰਾਜੇਸ਼ ਕੁਮਾਰ, ਸੰਦੀਪ ਕੁਮਾਰ ਅਤੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਗ੍ਰਿਫਤਾਰੀਆਂ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚੋਂ ਹੋਈਆਂ ਹਨ। ਪੁਲੀਸ ਇਸ ਤੋਂ ਪਹਿਲਾਂ 26 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਹੁਣ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ 37 ਹੋ ਗਈ ਹੈ। ਫੜੇ ਗਏ ਗਰੋਹ ਦੇ ਮੈਂਬਰਾਂ ਨੂੰ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਗਈ ਹੈ ਅਤੇ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਗਰੋਹ ਦੇ ਮੈਂਬਰਾਂ ਨੇ ਫਾਰਮੇਸੀ ਦੇ ਪੇਪਰ ਵਿੱਚ ਵਿਦਿਆਰਥੀਆਂ ਨੂੰ ਨਕਲ ਮਰਵਾਉਣ ਲਈ ਡਿਜੀਟਲ ਡਿਵਾਈਸ ਦਿੱਤੇ ਸਨ ਅਤੇ ਹਰ ਵਿਦਿਆਰਥੀ ਕੋਲੋਂ 3 ਲੱਖ ਰੁਪਏ ਤੋਂ ਲੈ ਕੇ 13 ਲੱਖ ਰੁਪਏ ਤੱਕ ਨਕਲ ਮਰਵਾਉਣ ਲਈ ਲਏ ਗਏ ਸੀ।

ਹਾਲਾਂਕਿ ਪੁਲੀਸ ਨੇ ਅਦਾਲਤ ਵਿੱਚ ਇਹ ਸਵੀਕਾਰ ਨਹੀਂ ਕੀਤਾ ਕਿ ਪੇਪਰ ਲੀਕ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਪੇਪਰ ਲੀਕ ਨਹੀਂ ਹੋਇਆ ਬਲਕਿ ਪੇਪਰ ਵਿੱਚ ਨਕਲ ਵੱਜੀ ਹੈ ਅਤੇ ਨਕਲ ਮਾਰਨ ਅਤੇ ਇਸ ਦੀ ਸਾਜਿਸ਼ ਰਚਣ ਵਾਲਿਆਂ ਨੂੰ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ 29 ਜੁਲਾਈ ਨੂੰ ਯੂਨੀਵਰਸਿਟੀ ਸਾਹਮਣੇ ਧਰਨਾ ਦਿੱਤਾ ਜਾਣਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਫਾਰਮੇਸੀ ਅਫਸਰਾਂ ਦਾ ਪੇਪਰ ਲੀਕ ਹੋਇਆ ਹੈ ਅਤੇ ਪੇਪਰ ਲੀਕ ਕਰਨ ਵਾਲੇ ਅਧਿਕਾਰੀਆਂ ਨੂੰ ਜਾਣ-ਬੁੱਝ ਕੇ ਬਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਅਣਮਿਥੇ ਸਮੇਂ ਲਈ ਯੂਨੀਵਰਸਿਟੀ ਸਾਹਮਣੇ ਧਰਨੇ ‘ਤੇ ਬੈਠੇ ਹਨ ਅਤੇ ਪੇਪਰ ਲੀਕ ਦੇ ਜ਼ਿੰਮੇਵਾਰ ਵਿਅਕਤੀਆਂ ਦੀ ਗ੍ਰਿਫਤਾਰੀ ਤੱਕ ਧਰਨਾ ਜਾਰੀ ਰਹੇਗਾ।