India latest news

Noida Fire: ਇਮਾਰਤ ‘ਚ ਚਾਰਜ ਹੋ ਰਹੇ EV ਸਕੂਟਰ ਨੂੰ ਲੱਗੀ ਅੱਗ; ਦਮ ਘੁੱਟਣ ਨਾਲ 2 ਦੀ ਮੌਤ, 100 ਤੋਂ ਵੱਧ ਬਚਾਏ

Noida Fire:  ਇਮਾਰਤ ‘ਚ ਚਾਰਜ ਹੋ ਰਹੇ EV ਸਕੂਟਰ ਨੂੰ ਲੱਗੀ ਅੱਗ; ਦਮ ਘੁੱਟਣ ਨਾਲ 2 ਦੀ ਮੌਤ, 100 ਤੋਂ ਵੱਧ ਬਚਾਏ
  • PublishedJuly 15, 2026

ਨੋਇਡਾ ਦੇ ਸੈਕਟਰ 66 ਵਿੱਚ ਸਥਿਤ ਮਾਮੂਰਾ ਪਿੰਡ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਬੁੱਧਵਾਰ ਨੂੰ ਇੱਕ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਏਰੀਆ ਵਿੱਚ ਚਾਰਜ ਹੋ ਰਹੇ ਇਲੈਕਟ੍ਰਿਕ ਸਕੂਟਰ ਨੂੰ ਕਥਿਤ ਤੌਰ ‘ਤੇ ਅੱਗ ਲੱਗ ਗਈ। ਇਸ ਅੱਗ ਨੇ ਦੋ ਲੋਕਾਂ ਦੀ ਜਾਨ ਲੈ ਲਈ ਅਤੇ ਇਮਾਰਤ ਵਿੱਚ ਰਹਿਣ ਵਾਲੇ 100 ਤੋਂ ਵੱਧ ਵਸਨੀਕਾਂ ਦੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ, ਪੁਲੀਸ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਵੱਡੇ ਪੱਧਰ ‘ਤੇ ਬਚਾਅ ਕਾਰਜ ਸ਼ੁਰੂ ਕੀਤਾ।

ਇਹ ਘਟਨਾ ਫੇਜ਼ 3 ਪੁਲੀਸ ਸਟੇਸ਼ਨ ਖੇਤਰ ਦੇ ਅਧੀਨ ਮਾਮੂਰਾ ਦੀ ਗਲੀ ਨੰਬਰ 2 ਵਿੱਚ ਵਾਪਰੀ।

ਪੁਲੀਸ ਮੁਤਾਬਕ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਸੀ, ਜਿੱਥੇ ਇੱਕ ਇਲੈਕਟ੍ਰਿਕ ਸਕੂਟਰ (EV) ਚਾਰਜ ਹੋ ਰਿਹਾ ਸੀ। ਕਥਿਤ ਤੌਰ ‘ਤੇ ਇੱਕ ਚੰਗਿਆੜੀ ਨਿਕਲਣ ਕਾਰਨ ਸਕੂਟਰ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਾਟਾਂ ਤੇਜ਼ੀ ਨਾਲ ਉੱਥੇ ਪਾਰਕ ਕੀਤੇ ਪੈਟਰੋਲ ਵਾਲੇ ਹੋਰ ਕਈ ਵਾਹਨਾਂ ਤੱਕ ਫੈਲ ਗਈਆਂ।

ਦਮ ਘੁੱਟਣ ਨਾਲ ਦੋ ਦੀ ਮੌਤ, 100 ਤੋਂ ਵੱਧ ਬਚਾਏ ਗਏ

ਨੋਇਡਾ ਪੁਲੀਸ ਅਧਿਕਾਰੀਆਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਧੂੰਆਂ ਮਿੰਟਾਂ ਵਿੱਚ ਹੀ ਪੂਰੀ ਇਮਾਰਤ ‘ਚ ਫੈਲ ਗਿਆ, ਜਿਸ ਨਾਲ ਕਈ ਵਸਨੀਕ ਫਸ ਗਏ। ਐਮਰਜੈਂਸੀ ਟੀਮਾਂ ਦੁਆਰਾ ਬਚਾਅ ਕਾਰਜ ਸ਼ੁਰੂ ਕਰਨ ਤੋਂ ਬਾਅਦ 100 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਬਚਾਅ ਕਰਮਚਾਰੀਆਂ ਨੇ ਉੱਪਰਲੀਆਂ ਮੰਜ਼ਿਲਾਂ ‘ਤੇ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਨਾਲ ਲੱਗਦੀ ਇਮਾਰਤ ਤੋਂ ਪੌੜੀਆਂ ਲਗਾਈਆਂ। ਧੂੰਏਂ ਕਾਰਨ ਇੱਕ 26 ਸਾਲਾ ਔਰਤ ਅਤੇ ਇੱਕ ਮਰਦ ਸਮੇਤ ਦੋ ਵਿਅਕਤੀ ਗੰਭੀਰ ਰੂਪ ਵਿੱਚ ਬੀਮਾਰ ਹੋ ਗਏ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਝੁਲਸ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਸੀਐਮ ਯੋਗੀ ਨੇ ਲਿਆ ਘਟਨਾ ਦਾ ਨੋਟਿਸ

ਇਸ ਘਟਨਾ ਦਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਨੋਟਿਸ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਪ੍ਰਸ਼ਾਸਨ ਨੂੰ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ, ਜ਼ਖਮੀਆਂ ਦੇ ਯੋਗ ਡਾਕਟਰੀ ਇਲਾਜ ਨੂੰ ਯਕੀਨੀ ਬਣਾਉਣ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ।