PM Modi Punjab visit: PM Modi ਜਲੰਧਰ ਫੇਰੀ ਦੌਰਾਨ ਰੇਲ ਅਤੇ ਸੜਕੀ ਨੈੱਟਵਰਕ ਦੇ ਵੱਡੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
PM Modi Punjab visit: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਛਾਉਣੀ ਦੀ ਫੇਰੀ ਮੌਕੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਦਾ ਮੁੱਖ ਉਦੇਸ਼ ਆਵਾਜਾਈ ਦੇ ਸੰਪਰਕ ਨੂੰ ਹੋਰ ਮਜ਼ਬੂਤ ਕਰਨਾ, ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ।
ਪੀ ਐੱਮ ਓ (PMO) ਦਫ਼ਤਰ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ, 17 ਜੁਲਾਈ ਨੂੰ ਪ੍ਰਧਾਨ ਮੰਤਰੀ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੇ ਤਹਿਤ ਜਲੰਧਰ ਛਾਉਣੀ (ਕੈਂਟ) ਸਮੇਤ 75 ਪੁਨਰ ਵਿਕਸਤ ਕੀਤੇ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ। 20 ਸੂਬਿਆਂ ਵਿੱਚ ਫੈਲੇ ਇਨ੍ਹਾਂ 75 ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ ਉਕਤ ਯੋਜਨਾ ਦੇ ਤਹਿਤ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ, ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ-ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ ਹੈ।
ਲਗਪਗ 1,570 ਕਰੋੜ ਦੀ ਲਾਗਤ ਨਾਲ ਵਿਕਸਤ ਕੀਤੇ ਗਏ ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਅਤੇ ਯਾਤਰੀ-ਅਨੁਕੂਲ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ‘ਵਿਰਾਸਤ ਭੀ, ਵਿਕਾਸ ਭੀ’ ਦੀ ਭਾਵਨਾ ਨਾਲ ਮੁੜ ਵਿਕਸਤ ਕੀਤੇ ਗਏ ਇਨ੍ਹਾਂ ਸਟੇਸ਼ਨਾਂ ਦੀ ਦਿੱਖ ਵਿੱਚ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਨੂੰ ਦਰਸਾਉਂਦੇ ਵਿਸ਼ੇਸ਼ ਤੱਤਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੰਗਲ ਡੈਮ-ਤਲਵਾੜਾ-ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰਾਜੈਕਟ ਦੇ ਹਿੱਸੇ ਵਜੋਂ ਲਗਪਗ 830 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਦੌਲਤਪੁਰ ਚੌਕ-ਕਰਤੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ। ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤ ਕਰੇਗਾ, ਜਿਸ ਨਾਲ ਹੁਸ਼ਿਆਰਪੁਰ ਅਤੇ ਊਨਾ ਜ਼ਿਲ੍ਹਿਆਂ ਨੂੰ ਵੱਡਾ ਲਾਭ ਹੋਵੇਗਾ। ਇਹ ਨਵੀਂ ਰੇਲ ਲਾਈਨ ਸ੍ਰੀ ਆਨੰਦਪੁਰ ਸਾਹਿਬ ਅਤੇ ਮਾਂ ਚਿੰਤਪੂਰਨੀ ਮੰਦਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਆਪਸ ਵਿੱਚ ਜੋੜੇਗੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਕਰਤੋਲੀ-ਅੰਬਾਲਾ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ, ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੰਪਰਕ ਨੂੰ ਬਿਹਤਰ ਬਣਾਏਗੀ। ਪ੍ਰਧਾਨ ਮੰਤਰੀ ਅੰਮ੍ਰਿਤਸਰ (ਛੇਹਰਟਾ)-ਵਾਰਾਣਸੀ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰਾਂ ਵਿਚਕਾਰ ਸਿੱਧਾ ਰੇਲ ਸੰਪਰਕ ਸਥਾਪਤ ਹੋਵੇਗਾ।
ਸੂਬੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ 3,070 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕੌਮੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।