Air India Basic Fare: ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ਵਿੱਚ ਨਹੀਂ ਮਿਲੇਗਾ ਮੁਫ਼ਤ ਖਾਣਾ
ਘਾਟੇ ਦਾ ਸਾਹਮਣਾ ਕਰ ਰਹੀ ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਇੱਕ ਨਵੀਂ ‘ਬੇਸਿਕ ਫੇਅਰ’ ਸ਼੍ਰੇਣੀ ਸ਼ੁਰੂ ਕੀਤੀ ਹੈ, ਜਿਸ ਵਿੱਚ ਯਾਤਰੀਆਂ ਨੂੰ ਮੁਫ਼ਤ ਖਾਣੇ ਦੀ ਸਹੂਲਤ ਨਹੀਂ ਮਿਲੇਗੀ। ਏਅਰਲਾਈਨ ਨੇ ਇਹ ਕਦਮ ਵਧ ਰਹੀਆਂ ਲਾਗਤਾਂ ਦੇ ਮੱਦੇਨਜ਼ਰ ਚੁੱਕਿਆ ਹੈ।
ਏਅਰ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਬੇਸਿਕ ਫੇਅਰ ਪੂਰੀ ਤਰ੍ਹਾਂ ਵਿਕਲਪਿਕ ਹੈ। ਇਸ ਤੋਂ ਇਲਾਵਾ ਯਾਤਰੀਆਂ ਲਈ ਪਹਿਲਾਂ ਵਾਂਗ ਵੈਲਿਊ, ਕਲਾਸਿਕ ਅਤੇ ਫਲੈਕਸ ਫੇਅਰ ਸ਼੍ਰੇਣੀਆਂ ਵੀ ਉਪਲਬਧ ਰਹਿਣਗੀਆਂ।
ਏਅਰ ਇੰਡੀਆ ਨੇ ਕਿਹਾ ਕਿ ਬੇਸਿਕ ਫੇਅਰ ਦੀ ਸ਼ੁਰੂਆਤ ਨਾਲ ਯਾਤਰੀਆਂ ਨੂੰ ਇੱਕ ਹੋਰ ਚੋਣ ਮਿਲੇਗੀ, ਖ਼ਾਸ ਕਰਕੇ ਉਹਨਾਂ ਯਾਤਰੀਆਂ ਨੂੰ ਜੋ ਘੱਟ ਕੀਮਤ ‘ਤੇ ਯਾਤਰਾ ਕਰਨਾ ਚਾਹੁੰਦੇ ਹਨ ਅਤੇ ਵਾਧੂ ਸਹੂਲਤਾਂ ਦੀ ਲੋੜ ਮਹਿਸੂਸ ਨਹੀਂ ਕਰਦੇ।
ਏਅਰਲਾਈਨ ਮੁਤਾਬਕ ਬੇਸਿਕ ਫੇਅਰ ਇਸ ਵੇਲੇ ਚੁਣਿੰਦੇ ਘਰੇਲੂ ਰੂਟਾਂ ‘ਤੇ ਪਾਇਲਟ ਪ੍ਰਾਜੈਕਟ ਤਹਿਤ ਉਪਲਬਧ ਕਰਵਾਇਆ ਗਿਆ ਹੈ।
ਏਅਰ ਇੰਡੀਆ ਨੇ ਦੱਸਿਆ ਕਿ ਇਹ ਫੇਅਰ ਇਕੋਨੋਮੀ ਕਲਾਸ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਹੈ। ਇਸ ਵਿੱਚ 15 ਕਿਲੋਗ੍ਰਾਮ ਚੈਕ-ਇਨ ਸਾਮਾਨ ਅਤੇ 7 ਕਿਲੋਗ੍ਰਾਮ ਕੈਬਿਨ ਸਾਮਾਨ ਲਿਜਾਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਚਾਹ ਜਾਂ ਕੌਫੀ ਵਰਗੀ ਮੁਫ਼ਤ ਪੀਣ ਵਾਲੀ ਸੇਵਾ ਮਿਲੇਗੀ, ਪਰ ਮੁਫ਼ਤ ਖਾਣਾ ਸ਼ਾਮਲ ਨਹੀਂ ਹੋਵੇਗਾ।
ਏਅਰਲਾਈਨ ਨੇ ਕਿਹਾ ਕਿ ਪਾਇਲਟ ਪ੍ਰਾਜੈਕਟ ਦੌਰਾਨ ਯਾਤਰੀਆਂ ਦੇ ਫੀਡਬੈਕ ਅਤੇ ਪ੍ਰਤੀਕਿਰਿਆ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਬੇਸਿਕ ਫੇਅਰ ਨੂੰ ਸਥਾਈ ਤੌਰ ’ਤੇ ਜਾਰੀ ਰੱਖਣਾ ਹੈ ਜਾਂ ਨਹੀਂ।