CM ਮਾਨ ਦੀ ਵਾਇਰਲ ਵੀਡੀਓ ਅਸਲੀ ਹੈ Ai ਨਹੀਂ, ਜਥੇਦਾਰ ਗੜਗੱਜ ਨੇ ਕੀਤੀ ਪੁਸ਼ਟੀ
ਮੁੱਖ ਮੰਤਰੀ ਭਗਵੰਤ ਮਾਨ ਦੇ ਵਾਇਰਲ ਵੀਡੀਓ ਦੀ ਫੋਰੈਂਸਿਕ ਜਾਂਚ ਰਿਪੋਰਟ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੜ੍ਹ ਕੇ ਸੁਣਾਈ ਗਈ। ਜਥੇਦਾਰ ਗੜਗੱਜ ਨੇ ਕਿਹਾ ਕਿ ਜਦੋਂ ਮੀਡੀਆ ਨੇ ਮੁੱਖ ਮੰਤਰੀ ਨੂੰ ਇਸ ਵੀਡੀਓ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਨੇ ਇਸ ਨੂੰ ਫਰਜ਼ੀ ਕਰਾਰ ਦਿੱਤਾ ਸੀ। ਜਥੇਦਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਕਾਇਦਾ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਵੀਡੀਓ ਦੀ ਜਾਂਚ ਕਿੱਥੋਂ ਕਰਵਾਈ ਜਾਵੇ, ਜਿਸ ਲਈ ਸਾਨੂੰ ਤੁਹਾਡੇ ਵੱਲੋਂ ਦੋ ਲੈਬਾਂ ਦੇ ਨਾਮ ਸੁਝਾਏ ਜਾਣ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਪੱਧਰ ‘ਤੇ ਹੀ ਭਾਰਤ ਸਰਕਾਰ ਦੀਆਂ ਮਾਨਤਾ ਪ੍ਰਾਪਤ ਦੋ ਵੱਡੀਆਂ ਲੈਬਾਂ ਤੋਂ ਜਾਂਚ ਕਰਵਾਈ ਹੈ। ਦੋਵਾਂ ਲੈਬਾਂ ਦੀਆਂ ਰਿਪੋਰਟਾਂ ‘ਚ ਇਹ ਵੀਡੀਓ ਅਸਲੀ ਸਾਬਤ ਹੋਈ ਹੈ।
ਜਥੇਦਾਰ ਨੇ ਕਿਹਾ ਕਿ ਰਿਪੋਰਟ ਵਿਚ ਇਹ ਵੀਡੀਓ ਪੂਰੀ ਤਰ੍ਹਾਂ ਠੀਕ ਪਾਈ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਨਾਲ ਕੋਈ ਏ. ਆਈ. ਛੇੜਛਾੜ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਦੀ ਕੋਈ ਐਡੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿਚ ਮੁੱਖ ਮੰਤਰੀ ਗੁਰੂ ਸਾਹਿਬ ਦੀ ਤਸਵੀਰ ਦੇ ਸਾਹਮਣੇ ਸ਼ਰਾਬ ਦਾ ਗਿਲਾਸ ਫੜੀ ਦਿਖਾਈ ਦੇ ਰਹੇ ਹਨ। ਅਸੀਂ ਇਸ ਵੀਡੀਓ ਦੀ ਜਾਂਚ ਭਾਰਤ ਦੀਆਂ ਦੋ ਵੱਡੀਆਂ ਲੈਬਾਂ ਤੋਂ ਕਰਵਾਈ ਹੈ। ਦੋਵਾਂ ਲੈਬਾਂ ਦੀ ਰਿਪੋਰਟ ਅਨਸਾਰ ਵੀਡੀਓ ਪੂਰੀ ਤਰ੍ਹਾਂ ਸਹੀ ਹੈ। ਇਸ ਮਾਮਲੇ ਨੂੰ ਲੈ ਕੇ ਪੰਥਕ ਧਿਰਾਂ ਦੀ ਮੀਟਿੰਗ ਵਿਚ ਸਖ਼ਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸੀ ਮੁੱਖ ਮੰਤਰੀ
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 5 ਜਨਵਰੀ ਨੂੰ ਇਕ ਇਤਰਾਜ਼ਯੋਗ ਵੀਡੀਓ ਅਤੇ ਗੋਲਕ ਸਮੇਤ ਹੋਰ ਮੁੱਦਿਆਂ ‘ਤੇ ਦਿੱਤੇ ਬਿਆਨਾਂ ਦੇ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਵੀ ਹੋਏ ਸੀ। ਜਿੱਥੇ ਮੁੱਖ ਮੰਤਰੀ ਬਕਾਇਦਾ ਆਖਿਆ ਸੀ ਕਿ ਵਾਇਰਲ ਵੀਡੀਓ ਪੂਰੀ ਤਰ੍ਹਾਂ ਨਕਲੀ ਹਨ।