ਤਰੁਣ ਚੁੱਘ ਦੀ ਸੰਸਦ ਦੇ ਉਪਰਲੇ ਸਦਨ ਵਿੱਚ ਐਂਟਰੀ, ਬਿਨਾ ਮੁਕਾਬਲੇ ਚੁਣੇ ਗਏ ਰਾਜ ਸਭਾ ਮੈਂਬਰ
ਪੰਜਾਬ ਦੀ ਸਿਆਸਤ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਸੰਗਠਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਦੇ ਪ੍ਰਮੁੱਖ ਆਗੂ ਤਰੁਣ ਚੁੱਘ ਮੱਧ ਪ੍ਰਦੇਸ਼ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਮੈਦਾਨ ਵਿੱਚ ਉਤਾਰਿਆ ਗਿਆ ਸੀ, ਜਿੱਥੇ ਉਹ ਨਿਰਵਿਰੋਧ ਜੇਤੂ ਰਹੇ ਹਨ।
ਤਰੁਣ ਚੁੱਘ ਦੀ ਇਹ ਚੋਣ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਤੋਂ ਹੀ ਭਾਜਪਾ ਦੇ ਇੱਕ ਹੋਰ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੀ ਰਾਜ ਸਭਾ ਮਿਆਦ ਖ਼ਤਮ ਹੋ ਚੁੱਕੀ ਹੈ। ਭਾਜਪਾ ਵੱਲੋਂ ਇਸ ਵਾਰ ਰਵਨੀਤ ਬਿੱਟੂ ਨੂੰ ਦੁਬਾਰਾ ਰਾਜ ਸਭਾ ਲਈ ਨਾਮਜ਼ਦ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਮੰਡਲ ਵਿੱਚ ਰੇਲ ਰਾਜ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਤਰੁਣ ਚੁੱਘ ਲੰਬੇ ਸਮੇਂ ਤੋਂ ਕੇਂਦਰੀ ਭਾਜਪਾ ਸੰਗਠਨ ਵਿੱਚ ਬਤੌਰ ਰਾਸ਼ਟਰੀ ਜਨਰਲ ਸਕੱਤਰ ਕਈ ਰਾਜਾਂ ਦੇ ਸੰਗਠਨਾਤਮਕ ਮਾਮਲਿਆਂ ਨੂੰ ਬੜੀ ਮੁਸਤੈਦੀ ਨਾਲ ਦੇਖ ਰਹੇ ਹਨ। ਹੁਣ ਉਨ੍ਹਾਂ ਦੇ ਦੇਸ਼ ਦੇ ਸਰਵਉੱਚ ਸਦਨ ਯਾਨੀ ਰਾਜ ਸਭਾ ਵਿੱਚ ਪਹੁੰਚਣ ਨਾਲ ਜਿੱਥੇ ਪੰਜਾਬ ਭਾਜਪਾ ਨੂੰ ਮਜ਼ਬੂਤੀ ਮਿਲੇਗੀ, ਉੱਥੇ ਹੀ ਸੰਸਦ ਦੇ ਅੰਦਰ ਵੀ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਲਈ ਭਾਜਪਾ ਕੋਲ ਇੱਕ ਹੋਰ ਤਜ਼ਰਬੇਕਾਰ ਚਿਹਰਾ ਮੌਜੂਦ ਹੋਵੇਗਾ।