Pakistan ਲਈ ‘ਜਾਸੂਸੀ’ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਯੂਟਿਊਬਰ Jyoti Malhotra ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵੱਲੋਂ ਖਾਰਜ
ਸੁਪਰੀਮ ਕੋਰਟ ਨੇ ਹਰਿਆਣਾ ਦੀ ਯੂਟਿਊਬਰ ਜੋਤੀ ਰਾਣੀ ਉਰਫ਼ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਮੁਲਜ਼ਮ ਜੋਤੀ ਨੂੰ ਕਥਿਤ ਤੌਰ ‘ਤੇ ਪਾਕਿਸਤਾਨ ਲਈ ਜਾਸੂਸੀ ਕਰਨ ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ ਐੱਸ ਆਈ) ਦੇ ਅਧਿਕਾਰੀਆਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਸਟਿਸ ਦੀਪਾਂਕਰ ਦੱਤਾ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ 5 ਜੂਨ ਦੇ ਹੁਕਮ ਵਿੱਚ ਕਿਹਾ, “ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਉਸ ਫੈਸਲੇ ਅਤੇ ਹੁਕਮ ਵਿੱਚ ਦਖਲ ਦੇਣ ਦੇ ਚਾਹਵਾਨ ਨਹੀਂ ਹਾਂ, ਜਿਸ ਰਾਹੀਂ ਪਟੀਸ਼ਨਕਰਤਾ (ਜੋਤੀ) ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕੀਤਾ ਗਿਆ ਸੀ। ਇਸ ਲਈ, ਵਿਸ਼ੇਸ਼ ਲੀਵ ਪਟੀਸ਼ਨ (SLP) ਖਾਰਜ ਕੀਤੀ ਜਾਂਦੀ ਹੈ।”
ਸਿਖਰਲੀ ਅਦਾਲਤ ਨੇ ਉਸ ਵਿਰੁੱਧ ਲੱਗੇ ਦੋਸ਼ਾਂ ਨੂੰ “ਬਹੁਤ ਗੰਭੀਰ” ਦੱਸਿਆ। ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 7 ਮਾਰਚ ਦੇ ਉਸ ਹੁਕਮ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਸ ਦੀ ਜ਼ਮਾਨਤ ਨਾਮਨਜ਼ੂਰ ਕੀਤੀ ਗਈ ਸੀ। ਹਾਈ ਕੋਰਟ ਨੇ ਪਹਿਲਾਂ ਇਹ ਕਹਿ ਕੇ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਸੀ ਕਿ ਰਿਕਾਰਡ ‘ਤੇ ਮੌਜੂਦ ਸਮੱਗਰੀ ਯੂਟਿਊਬਰ ਦੇ ਖ਼ਿਲਾਫ਼ ਪਹਿਲੀ ਨਜ਼ਰੇ (prima facie) ਮਾਮਲਾ ਜ਼ਾਹਰ ਕਰਦੀ ਹੈ।
ਉਸ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਜਾਵੇ। ਵਕੀਲ ਨੇ ਦਲੀਲ ਦਿੱਤੀ ਕਿ ਜੋਤੀ ਇੱਕ ਟ੍ਰੈਵਲ ਬਲੌਗਰ ਹੈ, ਜੋ ਘੁੰਮਣ-ਫਿਰਨ ਦੀਆਂ ਵੀਡੀਓਜ਼ ਬਣਾਉਂਦੀ ਹੈ ਅਤੇ ਉਸ ਦਾ ਸਾਰਾ ਕੰਮ ਤੇ ਔਨਲਾਈਨ ਸਰਗਰਮੀਆਂ ਬਿਲਕੁਲ ਪਾਰਦਰਸ਼ੀ ਅਤੇ ਲੋਕਾਂ ਦੇ ਸਾਹਮਣੇ ਹਨ। ਇਸ ਦੇ ਨਾਲ ਹੀ ਵਕੀਲ ਨੇ ਕਿਹਾ ਕਿ ਅਜਿਹਾ ਕੋਈ ਵੀ ਪੱਕਾ ਸਬੂਤ ਨਹੀਂ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਉਸ ਨੇ ਕਿਸੇ ਦੂਜੇ ਦੇਸ਼ ਲਈ ਜਾਸੂਸੀ ਕੀਤੀ ਹੈ।