India latest news

Chandigarh Education Ranking: ਕੌਮੀ ਸਿੱਖਿਆ ਰੈਂਕਿੰਗ ਵਿੱਚ ਚੰਡੀਗੜ੍ਹ ਦੇਸ਼ ਵਿਚੋਂ ਮੋਹਰੀ

Chandigarh Education Ranking: ਕੌਮੀ ਸਿੱਖਿਆ ਰੈਂਕਿੰਗ ਵਿੱਚ ਚੰਡੀਗੜ੍ਹ ਦੇਸ਼ ਵਿਚੋਂ ਮੋਹਰੀ
  • PublishedMay 27, 2026

Chandigarh Education Ranking: ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸਾਲ 2024-25 ਲਈ ਜਾਰੀ ਕੀਤੇ ਗਏ ਸਕੂਲੀ ਸਿੱਖਿਆ ਦੇ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ 2.0) ਵਿੱਚ ਚੰਡੀਗੜ੍ਹ ਨੇ ਦੇਸ਼ ਦੇ ਸਭ ਤੋਂ ਮੋਹਰੀ ਰਹਿਣ ਵਾਲੇ ਸੂਬਿਆਂ ਤੇ ਯੂਟੀਜ਼ ਵਿੱਚ ਥਾਂ ਬਣਾਈ ਹੈ। ਚੰਡੀਗੜ੍ਹ ਨੇ ਸਿੱਖਿਆ ਦੇ ਵੱਖ ਵੱਖ ਖੇਤਰਾਂ ਤੇ ਵੰਨਗੀਆਂ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਉਂਦਿਆਂ 739.1 ਅੰਕ ਹਾਸਲ ਕੀਤੇ ਹਨ ਜਦਕਿ ਪੰਜਾਬ ਦੇ 709.1 ਅੰਕ ਹਨ ਪਰ ਇਨ੍ਹਾਂ ਦੋਵਾਂ ਨੂੰ ਪ੍ਰਚੇਸ਼ਠਾ ਵਰਗ ਇਕ ਵਿਚ ਹੀ ਰੱਖਿਆ ਗਿਆ ਹੈ ਕਿਉਂਕਿ 701 ਤੋਂ 760 ਅੰਕ ਹਾਸਲ ਕਰਨ ਵਾਲਿਆਂ ਨੂੰ ਇਕੋ ਹੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।

ਇਹ ਗਰੇਡਿੰਗ ਸਿੱਖਣ ਦੇ ਨਤੀਜੇ, ਪਹੁੰਚ, ਬੁਨਿਆਦੀ ਢਾਂਚਾ, ਬਰਾਬਰਤਾ, ਪ੍ਰਬੰਧਨ ਅਤੇ ਅਧਿਆਪਕ ਸਿੱਖਿਆ ਦੇ ਆਧਾਰ ’ਤੇ ਕੀਤੀ ਜਾਂਦੀ ਹੈ ਜਿਸ ਵਿਚ 73 ਸੂਚਕਾਂ ਦੇ ਆਧਾਰ ’ਤੇ ਰਾਜ-ਪੱਧਰੀ ਸਕੂਲ ਸਿੱਖਿਆ ਪ੍ਰਣਾਲੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਚੰਡੀਗੜ੍ਹ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਨਿਤਿਸ਼ ਸਿੰਗਲਾ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਵਧੀਆ ਨੀਤੀਆਂ, ਮਜ਼ਬੂਤ ਪ੍ਰਬੰਧਕੀ ਢਾਂਚਾ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਵਚਨਬੱਧਤਾ ਸਦਕਾ ਇਸ ਸਾਲ ਸ਼ਾਨਦਾਰ ਤਰੱਕੀ ਦੇਖਣ ਨੂੰ ਮਿਲੀ ਹੈ। ਚੰਡੀਗੜ੍ਹ ਨੇ ਇਸ ਅਕਾਦਮਿਕ ਸਾਲ ਵਿੱਚ 739.1 ਅੰਕ ਪ੍ਰਾਪਤ ਕਰਕੇ ਦੇਸ਼ ਦੀ ਸਭ ਤੋਂ ਉੱਚੀ ‘ਪ੍ਰਚੇਸ਼ਟਾ-1’ ਸ਼੍ਰੇਣੀ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਜੇਕਰ ਪਿਛਲੇ ਸਾਲ 2023-24 ਦੇ ਸਕੋਰ (702.9 ਅੰਕ) ਨਾਲ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਚੰਡੀਗੜ੍ਹ ਨੇ ਕੇਵਲ ਇੱਕ ਸਾਲ ਦੇ ਅੰਦਰ 36.2 ਅੰਕਾਂ ਦਾ ਸੁਧਾਰ ਕਰ ਕੇ ਤੇ 5.15 ਫੀਸਦੀ ਦੀ ਸਾਲਾਨਾ ਤਰੱਕੀ ਦਰਜ ਕੀਤੀ ਹੈ।

ਇਸ ਦੇ ਨਾਲ ਹੀ ਬੱਚਿਆਂ ਦੇ ਪੜ੍ਹਨ-ਲਿਖਣ ਦੇ ਨਤੀਜਿਆਂ ਅਤੇ ਸਿੱਖਿਆ ਦੇ ਪੱਧਰ (ਲਰਨਿੰਗ ਆਊਟਕਮਜ਼) ਦੇ ਗ੍ਰਾਫ ਵਿੱਚ ਵੀ ਸ਼ਲਾਘਾਯੋਗ ਵਾਧਾ ਹੋਇਆ ਹੈ ਜੋ ਕਿ ਪਿਛਲੇ ਸਾਲ ਦੇ 103.6 ਅੰਕਾਂ ਦੇ ਮੁਕਾਬਲੇ ਇਸ ਵਾਰ 110.6 ’ਤੇ ਪਹੁੰਚ ਗਿਆ ਹੈ।

ਰਿਪੋਰਟ ਦੇ ਛੇ ਪ੍ਰਮੁੱਖ ਖੇਤਰਾਂ ਵਿੱਚੋਂ ਪੰਜ ਅੰਦਰ ਚੰਡੀਗੜ੍ਹ ਨੇ ‘ਉੱਤਮ’ ਜਾਂ ਉਸ ਤੋਂ ਵੀ ਉੱਚੀ ਸ਼੍ਰੇਣੀ ਹਾਸਲ ਕੀਤੀ ਹੈ। ਸ਼ਹਿਰ ਨੇ ਸਾਰਿਆਂ ਨੂੰ ਬਰਾਬਰ ਸਿੱਖਿਆ ਦੇਣ (ਇਕੁਇਟੀ) ਦੇ ਮਾਮਲੇ ਵਿੱਚ 260 ਵਿੱਚੋਂ 239.8 ਅੰਕਾਂ ਦੇ ਨਾਲ ‘ਉਤਕਰਸ਼’ ਦਾ ਸਭ ਤੋਂ ਸ਼ਾਨਦਾਰ ਦਰਜਾ ਪਾਇਆ ਹੈ। ਸਕੂਲਾਂ ਤੱਕ ਬੱਚਿਆਂ ਦੀ ਪਹੁੰਚ (ਐਕਸੈਸ) ਦੇ ਮਾਮਲੇ ਵਿੱਚ 80 ਵਿੱਚੋਂ 72.5 ਅੰਕ ਲੈ ਕੇ 90.6 ਫੀਸਦੀ ਦੀ ਉੱਚ ਕਾਰਜਕੁਸ਼ਲਤਾ ਦਿਖਾਈ ਹੈ। ਇਸੇ ਤਰ੍ਹਾਂ ਅਧਿਆਪਕਾਂ ਦੀ ਸਿੱਖਿਆ ਅਤੇ ਟ੍ਰੇਨਿੰਗ ਵਿੱਚ 100 ਵਿੱਚੋਂ 85.5 ਅੰਕ, ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ 190 ਵਿੱਚੋਂ 147.5 ਅੰਕ, ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿੱਚ 130 ਵਿੱਚੋਂ 83.2 ਅੰਕ ਪ੍ਰਾਪਤ ਕੀਤੇ ਹਨ, ਜਦਕਿ ਕੋਈ ਵੀ ਖੇਤਰ ‘ਪ੍ਰਚੇਸ਼ਟਾ-2’ ਤੋਂ ਹੇਠਾਂ ਨਹੀਂ ਗਿਆ।