India latest news

Weather Update: ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ 28 ਮਈ ਤੋਂ ਤੇਜ਼ ਮੀਂਹ ਤੇ ਝੱਖੜ ਦੀ ਪੇਸ਼ੀਨਗੋਈ

Weather Update: ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ 28 ਮਈ ਤੋਂ ਤੇਜ਼ ਮੀਂਹ ਤੇ ਝੱਖੜ ਦੀ ਪੇਸ਼ੀਨਗੋਈ
  • PublishedMay 27, 2026

ਮੌਸਮ ਵਿਭਾਗ (IMD) ਨੇ ਬੁੱਧਵਾਰ ਨੂੰ ਅਲਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਵੀਰਵਾਰ ਤੋਂ ਸ਼ਨਿਚਰਵਾਰ ਤੱਕ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਝੱਖੜ ਆ ਸਕਦਾ ਹੈ। ਇਸ ਦੌਰਾਨ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਜੋ 90 ਕਿਲੋਮੀਟਰ ਤੱਕ ਵੀ ਪਹੁੰਚ ਸਕਦੀਆਂ ਹਨ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ। ਦੂਜੇ ਪਾਸੇ 25 ਮਈ ਤੋਂ ਸ਼ੁਰੂ ਹੋਇਆ ਅਤਿ ਦੀ ਗਰਮੀ ਦਾ ਕਹਿਰ ਬੁੱਧਵਾਰ ਨੂੰ ਆਪਣੇ ਸਿਖਰ ’ਤੇ ਰਿਹਾ ਅਤੇ ਇਹ ਵੀਰਵਾਰ ਨੂੰ ਵੀ ਜਾਰੀ ਰਹੇਗਾ ਪਰ ਇਸ ਤੋਂ ਬਾਅਦ ਮੌਸਮ ਵਿੱਚ ਵੱਡੀ ਤਬਦੀਲੀ ਆਵੇਗੀ। ਸ਼ੁੱਕਰਵਾਰ ਨੂੰ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲੇਗਾ ਜਿਸ ਕਾਰਨ ਮੌਸਮ ਵਿਭਾਗ ਨੇ ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਫ਼ਤਿਹਗੜ੍ਹ ਸਾਹਿਬ, ਰੋਪੜ, ਨਵਾਂਸ਼ਹਿਰ, ਗੁਰਦਾਸਪੁਰ, ਪਠਾਨਕੋਟ, ਅੰਬਾਲਾ ਅਤੇ ਯਮੁਨਾਨਗਰ ਦੇ ਕੁਝ ਹਿੱਸਿਆਂ ਲਈ ਸਭ ਤੋਂ ਗੰਭੀਰ ਯਾਨੀ ਰੈੱਡ ਅਲਰਟ ਜਾਰੀ ਕੀਤਾ ਹੈ।

ਵੀਰਵਾਰ ਤੋਂ ਮੌਸਮ ਵਿੱਚ ਇਕ ਦਮ ਬਦਲਾਅ ਆਵੇਗਾ, ਜਿੱਥੇ ਕੁਝ ਥਾਵਾਂ ’ਤੇ ਹਲਕੇ ਮੀਂਹ ਦੇ ਨਾਲ-ਨਾਲ 90 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਝੱਖੜ ਚੱਲਣ, ਬਿਜਲੀ ਚਮਕਣ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਇਸ ਦਿਨ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇਹ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਅਤੇ ਇਲਾਕੇ ਵਿੱਚ ਭਾਰੀ ਮੀਂਹ ਪਵੇਗਾ। ਸ਼ਨਿਚਰਵਾਰ ਨੂੰ ਵੀ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ ਅਤੇ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਨਾਲ ਅਲਰਟ ਘਟ ਕੇ ‘ਓਰੇਂਜ’ ਰਹਿ ਜਾਵੇਗਾ। ਐਤਵਾਰ ਨੂੰ ਸਿਰਫ਼ ਕੁਝ ਖਾਸ ਥਾਵਾਂ ‘ਤੇ ਹੀ ਹਲਕੀਆਂ ਕਣੀਆਂ ਪੈਣਗੀਆਂ ਅਤੇ ਕੋਈ ਖਾਸ ਚੇਤਾਵਨੀ ਨਹੀਂ ਹੋਵੇਗੀ। ਇਸ ਤੂਫ਼ਾਨੀ ਮੌਸਮ ਕਾਰਨ ਸ਼ੁੱਕਰਵਾਰ ਤੋਂ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ ਪਰ ਇਹ ਰਾਹਤ ਜ਼ਿਆਦਾ ਸਮਾਂ ਨਹੀਂ ਰਹੇਗੀ, ਕਿਉਂਕਿ ਸੋਮਵਾਰ ਅਤੇ ਮੰਗਲਵਾਰ ਤੋਂ ਮੌਸਮ ਫਿਰ ਖੁਸ਼ਕ ਹੋ ਜਾਵੇਗਾ ਅਤੇ ਤਾਪਮਾਨ ਦੁਬਾਰਾ ਵਧਣਾ ਸ਼ੁਰੂ ਹੋ ਜਾਵੇਗਾ।