India latest news

CBSE ਨੇ ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਲੈਣ ਦੀ ਮਿਤੀ 23 ਮਈ ਤੱਕ ਵਧਾਈ

CBSE ਨੇ ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਲੈਣ ਦੀ ਮਿਤੀ 23 ਮਈ ਤੱਕ ਵਧਾਈ
  • PublishedMay 19, 2026

CBSE ਨੇ ਆਪਣੀ ਵੈੱਬਸਾਈਟ ’ਤੇ ਆ ਰਹੀ ਤਕਨੀਕੀ ਸਮੱਸਿਆ ਦੇ ਮੱਦੇਨਜ਼ਰ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ-ਪੱਤਰੀਆਂ (ਆਂਸਰ ਬੁੱਕਸ) ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਾਰੀਖ ਨੂੰ ਇੱਕ ਦਿਨ ਲਈ ਵਧਾ ਦਿੱਤਾ ਹੈ। ਬੋਰਡ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਅਨੁਸਾਰ ਹੁਣ ਵਿਦਿਆਰਥੀ 22 ਮਈ ਦੀ ਬਜਾਏ 23 ਮਈ ਤੱਕ ਅਪਲਾਈ ਕਰ ਸਕਦੇ ਹਨ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਵੈੱਬਸਾਈਟ ‘ਤੇ ਪੋਸਟ-ਵੈਰੀਫਿਕੇਸ਼ਨ ਸਹੂਲਤਾਂ ਵਿੱਚ ਆਈ ਤਕਨੀਕੀ ਸਮੱਸਿਆ ਕਾਰਨ ਵਿਦਿਆਰਥੀਆਂ ਨੂੰ ਪੂਰਾ ਸਮਾਂ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ।

ਇਹ ਫੈਸਲਾ ਉਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਆਇਆ ਹੈ ਜਿਸ ਵਿੱਚ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ‘ਤੇ ਲੌਗਇਨ ਕਰਨ, ਫੀਸ ਜਮ੍ਹਾ ਕਰਨ ਅਤੇ ਲਿੰਕ ਕੰਮ ਨਾ ਕਰਨ ਦੀਆਂ ਸਮੱਸਿਆਵਾਂ ਦੱਸੀਆਂ ਸਨ। ਬੋਰਡ ਨੇ ਪਹਿਲਾਂ ਇਹ ਪ੍ਰਕਿਰਿਆ 19 ਮਈ ਤੋਂ 22 ਮਈ ਤੱਕ ਤੈਅ ਕੀਤੀ ਸੀ। ਆਨ-ਸਕ੍ਰੀਨ ਮਾਰਕਿੰਗ ਸਿਸਟਮ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਤੋਂ ਬਾਅਦ ਮੁੜ-ਮੁਲਾਂਕਣ ਦੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਜਿਹੜੇ ਵਿਦਿਆਰਥੀ ਸਕੈਨ ਕੀਤੀਆਂ ਕਾਪੀਆਂ ਲਈ ਅਪਲਾਈ ਕਰਨਗੇ, ਉਹ 26 ਮਈ ਤੋਂ 29 ਮਈ ਦੇ ਵਿਚਕਾਰ ਇਨ੍ਹਾਂ ਕਾਪੀਆਂ ਨੂੰ ਦੇਖ ਸਕਣਗੇ।

ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਉੱਤਰ-ਪੱਤਰੀ ਦੀ ਸਕੈਨ ਕੀਤੀ ਕਾਪੀ ਲੈਣ ਲਈ 700 ਰੁਪਏ ਦੇਣੇ ਪੈਂਦੇ ਸਨ ਪਰ ਇਸ ਸਾਲ ਬੋਰਡ ਨੇ ਇਸ ਫੀਸ ਨੂੰ ਭਾਰੀ ਕਟੌਤੀ ਨਾਲ ਸਿਰਫ 100 ਰੁਪਏ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉੱਤਰ-ਪੱਤਰੀਆਂ ਦੀ ਵੈਰੀਫਿਕੇਸ਼ਨ (ਜਾਂਚ) ਕਰਵਾਉਣ ਦੀ ਫੀਸ ਨੂੰ ਵੀ 500 ਰੁਪਏ ਤੋਂ ਘਟਾ ਕੇ ਸਿਰਫ 100 ਰੁਪਏ ਕਰ ਦਿੱਤਾ ਗਿਆ ਹੈ। ਜੇਕਰ ਕੋਈ ਵਿਦਿਆਰਥੀ ਕਿਸੇ ਖਾਸ ਪ੍ਰਸ਼ਨ ਦਾ ਮੁੜ-ਮੁਲਾਂਕਣ (ਰੀ-ਵੈਲਿਊਏਸ਼ਨ) ਕਰਵਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੁਣ ਪ੍ਰਤੀ ਪ੍ਰਸ਼ਨ ਦੇ ਹਿਸਾਬ ਨਾਲ ਸਿਰਫ 25 ਰੁਪਏ ਫੀਸ ਦੇਣੀ ਪਵੇਗੀ। ਬੋਰਡ ਦੇ ਇਸ ਕਦਮ ਨਾਲ ਹੁਣ ਮੱਧ ਵਰਗੀ ਪਰਿਵਾਰਾਂ ਦੇ ਵਿਦਿਆਰਥੀ ਵੀ ਬਿਨਾਂ ਕਿਸੇ ਝਿਜਕ ਦੇ ਆਪਣੇ ਨੰਬਰਾਂ ਦੀ ਸੰਤੁਸ਼ਟੀ ਕਰ ਸਕਣਗੇ।